ਚੰਡੀਗੜ੍ਹ, 24 ਜਨਵਰੀ 2024: ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਇਕ ਵਿਸ਼ੇਸ਼ ਬੈਠਕ ਕਾਂਗਰਸ ਭਵਨ ਵਿਖੇ ਗੁਰਸ਼ਰਨ ਕੌਰ ਰੰਧਾਵਾ (Gursharan Kaur Randhawa) ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸ੍ਰੀਮਤੀ ਨਤਾਸ਼ਾ ਸ਼ਰਮਾ ਦਿੱਲੀ ਤੋਂ ਬਤੌਰ ਆਬਜ਼ਰਵਰ ਪਹੁੰਚੇ। ਬੈਠਕ ਨੂੰ ਸੰਬੋਧਨ ਕਰਦਿਆ ਸ਼੍ਰੀਮਤੀ ਨਤਾਸ਼ਾ ਸ਼ਰਮਾ ਨੇ ਦੱਸਿਆ ਕਿ ਆਲ ਇੰਡੀਆ ਮਹਿਲਾ ਕਾਂਗਰਸ ਦੇ ਨਵੇਂ ਪ੍ਰਧਾਨ ਸ੍ਰੀਮਤੀ ਅਲਕਾ ਲਾਂਬਾ ਜੀ 8 ਫਰਵਰੀ ਨੂੰ ਚੰਡੀਗੜ ਵਿੱਚ ਪੰਜਾਬ ਮਹਿਲਾ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਮਿਲਣ ਪਹੁੰਚ ਰਹੇ ਹਨ ਜਿਸ ਦੀਆਂ ਤਿਆਰੀਆਂ ਲਈ ਸਮੁੱਚੀ ਮਹਿਲਾ ਕਾਂਗਰਸ ਨੂੰ ਪੱਬਾਂ ਭਾਰ ਹੋਣ ਦੀ ਜ਼ਰੂਰਤ ਹੈ।
ਉਨ੍ਹਾਂ ਨੇ (Gursharan Kaur Randhawa) ਇਹ ਵੀ ਕਿਹਾ ਕਿ 11 ਫਰਵਰੀ ਨੂੰ ਮਲਿਕਅਰਜੁਨ ਖੜਗੇ ਲੋਕ ਸਭਾ ਚੋਣਾਂ ਜਿੱਤਣ ਦੀ ਵਿਉਂਤਬੰਦੀ ਲਈ ਪੰਜਾਬ ਵਿੱਚ ਵੱਡੀ ਕਾਨਫਰੰਸ ਕਰਨਗੇ ਜਿਸ ਦੀਆਂ ਤਿਆਰੀਆਂ ਵਿੱਚ ਦੇਵੇਂਦਰ ਯਾਦਵ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ ਸਮੇਤ ਸਮੁੱਚੀ ਲੀਡਰਸ਼ਿਪ ਲੱਗੀ ਹੋਈ ਆ। ਉਕਤ ਕਾਨਫਰੰਸ ਵਿੱਚ ਮਹਿਲਾਵਾਂ ਵੀ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ।
ਓਨ੍ਹਾਂ ਨੇ ਦੱਸਿਆ ਕਿ ਸ੍ਰੀਮਤੀ ਅਲਕਾ ਲਾਂਬਾ ਪੰਜਾਬ ਮਹਿਲਾ ਕਾਂਗਰਸ ਦੀਆਂ ਗਤੀਵਿਧੀਆਂ ਬਾਰੇ ਜਾਣੂ ਹਨ ਤੇ ਪੂਰੀ ਤਰ੍ਹਾਂ ਸੰਤੁਸ਼ਟ ਹਨ ਪਰ ਫਿਰ ਵੀ ਸਾਨੂੰ ਵਧੇਰੇ ਮਿਹਨਤ ਕਰਨ ਦੀ ਜ਼ਰੂਰਤ ਹੈ। ਇਸੇ ਦੌਰਾਨ ਬੀਬੀ ਰੰਧਾਵਾ ਨੇ ਅਲਕਾ ਲਾਂਬਾ ਨੂੰ ਰਾਸ਼ਟਰੀ ਪ੍ਰਧਾਨ ਬਣਾਉਣ ਲਈ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਓਨ੍ਹਾਂ ਦੀ ਯੋਗ ਅਗਵਾਈ ਸਮੁੱਚੀ ਮਹਿਲਾ ਕਾਂਗਰਸ ਨੂੰ ਤੇਜ ਤਰਾਰ ਹੋਕੇ ਮਿਹਨਤ ਕਰਨ ਦੀ ਨਵੀਂ ਪ੍ਰੇਰਨਾ ਮਿਲੀ ਹੈ।
ਉਨ੍ਹਾਂ ਨੇ ਕਿਹਾ ਕਿ ਅਲਕਾ ਲਾਂਬਾ ਨੇ ਕਾਂਗਰਸ ਦਾ ਝੰਡਾ ਚੁੱਕ ਕੇ ਸੋਨੀਆ ਗਾਂਧੀ ਦੀ ਅਗਵਾਈ ਹੇਠ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਔਰਤਾਂ ਨੂੰ 33 ਪ੍ਰਤੀਸ਼ਤ ਟਿੱਕਟਾਂ ਦਵਾਉਣ ਲਈ ਲੰਬੀ ਲੜਾਈ ਲੜੀ ਹੈ ਜਿਸਦਾ ਲਾਹਾ ਮਹਿਲਾਵਾਂ ਨੂੰ ਜ਼ਰੂਰ ਮਿਲੇਗਾ। ਮੋਦੀ ਸਰਕਾਰ ਜਾਣ ਬੁੱਝ ਕੇ ਉਕਤ ਬਿੱਲ ਨੂੰ ਲਾਗੂ ਕਰਨ ਵਿੱਚ ਦੇਰੀ ਕਰ ਰਹੀ ਹੈ, ਜਿਸਦਾ ਮੁੱਢ ਕਾਂਗਰਸ ਨੇ ਬੰਨ੍ਹਿਆ ਹੈ।
ਉਨ੍ਹਾਂ ਕਿਹਾ ਕਿ ਪੰਚਾਇਤੀ ਤੇ ਐਮਸੀ ਚੋਣਾਂ ਵਿੱਚ ਵੀ ਮਹਿਲਾ ਕਾਂਗਰਸ ਵਿੱਚ ਕੰਮ ਕਰਨ ਵਾਲਿਆਂ ਬੀਬੀਆਂ ਨੂੰ ਪਹਿਲ ਦਿੱਤੀ ਜਾਏਗੀ। ਓਨ੍ਹਾਂ ਲੋਕ ਸਭਾ ਚੋਣਾਂ ਵਿਚ ਘੱਟੋ ਘੱਟ 2 ਟਿਕਟਾਂ ਮਹਿਲਾ ਕਾਂਗਰਸ ਵਿੱਚ ਕੰਮ ਕਰਨ ਵਾਲੀਆਂ ਬੀਬੀਆਂ ਨੂੰ ਦੇਣ ਦੀ ਮੰਗ ਕੀਤੀ। ਅੱਜ ਦੀ ਇਸ ਬੈਠਕ ਵਿੱਚ ਸਵਰਨਜੀਤ ਕੌਰ ਮੋਹਾਲੀ, ਲੀਨਾ ਟਪਾਰੀਆ,ਜਗਦਰਸ਼ਨ ਕੌਰ,ਪ੍ਰਵੀਨ ਰਾਣਾ, ਰੇਖਾ ਅਗਰਵਾਲ,ਸੁਖਵਿੰਦਰ ਸਮਰਾਲਾ, ਸੰਤੋਸ਼ ਰਾਣੀ, ਜਤਿੰਦਰ ਕਲਸੀ, ਸਮੇਤ ਕਈ ਅਹੁਦੇਦਾਰ ਸ਼ਾਮਲ ਸਨ।