Vikramjit sahney

ਕੈਨੇਡਾ ਤੋਂ ਪੰਜਾਬੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦਾ ਮਾਮਲਾ ਭਲਕੇ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਜਾਵੇਗਾ: ਵਿਕਰਮਜੀਤ ਸਾਹਨੀ

ਅੰਮ੍ਰਿਤਸਰ, 17 ਮਾਰਚ 2023: ਕੈਨੇਡਾ ‘ਚ ਪੜ੍ਹਨ ਲਈ ਗਏ ਪੰਜਾਬ ਦੇ 700 ਵਿਦਿਆਰਥੀਆਂ ਨੂੰ ਵਾਪਸ ਭੇਜਣ ਦੇ ਮਾਮਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ, ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ (Vikramjit sahney) ਨੇ ਅੱਜ ਕਿਹਾ ਕਿ ਉਹ ਇਹ ਮਾਮਲਾ ਕੱਲ੍ਹ ਨਵੀਂ ਦਿੱਲੀ ਵਿਖੇ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੀ ਮੀਟਿੰਗ ‘ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕੋਲ ਉਠਾਉਣਗੇ।

ਉਹ ਪਹਿਲਾਂ ਹੀ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਗੱਲ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਇਹ ਫਰਜ਼ੀ ਕਾਗਜ਼ਾਤ ਕਿਸਨੇ ਜਾਰੀ ਕੀਤੇ ਸਨ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਅਸੀਂ ਕੈਨੇਡਾ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਵਿਦਿਆਰਥੀਆਂ ਨੂੰ ਡਿਪੋਰਟ ਨਾ ਕੀਤਾ ਜਾਵੇ।

ਸਗੋਂ ਉਨ੍ਹਾਂ ਦਾ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਮੁੜ ਵਸੇਬਾ ਹੋਣਾ ਚਾਹੀਦਾ ਹੈ। ਵਿਦੇਸ਼ਾਂ ਵਿੱਚ ਨੌਕਰੀ ਕਰਨ ਦੇ ਚਾਹਵਾਨ ਪੰਜਾਬ ਦੇ ਨੌਜਵਾਨਾਂ ਨੂੰ ਧੋਖੇਬਾਜ਼ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਮੌਜੂਦਾ ਸਰਕਾਰ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਹੈ ਤਾਂ ਜੋ ਉਹ ਨਸ਼ਿਆਂ ਜਾਂ ਅਪਰਾਧ ਵਰਗੀਆਂ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਨਾ ਫਸਣ।

ਇਸੇ ਲੜੀ ਤਹਿਤ, ਪੰਜਾਬੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਆਪਣੇ ਯਤਨਾਂ ਨੂੰ ਜਾਰੀ ਰੱਖਦੇ ਹੋਏ, ਵਿਕਰਮਜੀਤ ਸਾਹਨੀ (Vikramjit sahney) ਨੇ ਅੱਜ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਅੰਮ੍ਰਿਤਸਰ ਵਿਖੇ ਸਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਜੌਬ ਮੋਬਿਲਾਈਜ਼ੇਸ਼ਨ ਕੈਂਪ ਦਾ ਉਦਘਾਟਨ ਕੀਤਾ। ਇਸਦੇ ਤਹਿਤ, ਆਟੋਮੋਟਿਵ, ਕਾਰਪੇਂਟਰ, ਕੰਸਟਰਕਸ਼ਨ, ਡਰਾਈਵਰ, ਇਲੈਕਟ੍ਰੀਸ਼ੀਅਨ, ਐਫਐਂਡਬੀ, ਹੈਲਥ, ਹਾਸਪਿਟੈਲਿਟੀ, ਆਈ.ਟੀ., ਆਇਲ ਐਂਡ ਗੈਸ, ਪਲੰਬਰ, ਰੈਫ੍ਰਿਜਰੇਸ਼ਨ, ਵੈਲਡਰ ਆਦਿ ਵਰਗੇ ਵੱਖ-ਵੱਖ ਟਰੇਡਾਂ ਵਿੱਚ ਲੋੜੀਂਦੇ ਹੁਨਰ ਅਤੇ ਤਜ਼ਰਬੇ ਵਾਲੇ ਉਮੀਦਵਾਰਾਂ ਨੂੰ ਕੈਨੇਡਾ, ਅਮਰੀਕਾ, ਯੂਕੇ, ਯੂਰਪ, ਖਾੜੀ ਦੇਸ਼, ਜਾਪਾਨ ਅਤੇ ਆਸਟ੍ਰੇਲੀਆ ਵਿੱਚ ਸੰਭਾਵਿਤ ਰੁਜ਼ਗਾਰ ਲਈ ਰਜਿਸਟਰ ਕੀਤਾ ਜਾਵੇਗਾ।

ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਨੂੰ ਅਪੀਲ ਕਰਦੇ ਹੋਏ ਸਾਹਨੀ ਨੇ ਕਿਹਾ ਕਿ ਰਜਿਸਟ੍ਰੇਸ਼ਨ ਤੋਂ ਬਾਅਦ ਅਪ੍ਰੈਲ ਦੇ ਅੱਧ ਵਿਚ ਭਾਸ਼ਾ ਦੀ ਮੁਹਾਰਤ ਦੀ ਪ੍ਰੀਖਿਆ ਹੋਵੇਗੀ ਅਤੇ ਮਈ ਵਿਚ ਚੋਣ ਦਾ ਸ਼ੁਰੂਆਤੀ ਦੌਰ ਹੋਵੇਗਾ। ਚੋਣ ਦਾ ਅੰਤਮ ਦੌਰ ਜੂਨ ਦੇ ਅੱਧ ਵਿੱਚ ਉਪਰੋਕਤ ਦੇਸ਼ਾਂ ਵਿੱਚ ਸੰਭਾਵੀ ਮਾਲਕਾਂ ਦੁਆਰਾ ਕੀਤਾ ਜਾਵੇਗਾ। ਹੁਨਰ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ, ਸਾਹਨੀ ਨੇ ਆਉਣ ਵਾਲੇ ਚਾਰ ਸਾਲਾਂ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ 50,000 ਨੌਕਰੀਆਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਇਸ ਮੌਕੇ ਸੰਦੀਪ ਕੌੜਾ, ਸਲਾਹਕਾਰ ਐਨਐਸਡੀਸੀ ਭਾਰਤ ਸਰਕਾਰ ਨੇ ਕਿਹਾ ਕਿ ਇਹ ਮੇਲਾ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕੰਮ ਕਰਨ ਦਾ ਮੌਕਾ ਦੇਵੇਗਾ ਅਤੇ ਸਭ ਕੁਝ ਮੁਫਤ ਹੈ। ਵਿਦਿਆਰਥੀਆਂ ਦਾ ਆਖ਼ਰੀ ਬੈਚ ਜੂਨ ਮਹੀਨੇ ਭਾਰਤ ਤੋਂ ਰਵਾਨਾ ਹੋਵੇਗਾ। ਕੌੜਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਜਾਇਜ਼ ਦਸਤਾਵੇਜ਼ਾਂ ਨਾਲ ਵਿਦੇਸ਼ ਭੇਜ ਕੇ ਲੱਖਾਂ ਨੌਜਵਾਨਾਂ ਦੇ ਕੈਰੀਅਰ ਨਾਲ ਖਿਲਵਾੜ ਕਰਨ ਵਾਲੇ ਧੋਖੇਬਾਜ਼ਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਦਰਅਸਲ ਭਾਰਤ ਸਰਕਾਰ ਦੀ ਇਸ ਸਕੀਮ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣਾ ਚਾਹੀਦਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

Scroll to Top