ਫਰੀਦਕੋਟ, 13 ਜੁਲਾਈ 2023: ਫਰੀਦਕੋਟ ਦੇ ਨਜ਼ਦੀਕੀ ਪਿੰਡ ਔਲਖ ‘ਚ ਉਸ ਵੇਲੇ ਸਨਸਨੀ ਫੈਲ ਗਈ , ਜਦੋਂ ਘਰ ਆਏ ਇੱਕ ਲੜਕੇ ਨੂੰ ਸ਼ਰ੍ਹੇਆਮ ਬੰਨ ਕੇ ਉਸਦੀ ਕੁੱਟਮਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਿੰਡ ਔਲਖ ਦੇ ਗੁਰਇਕਬਾਲ ਸਿੰਘ ਨਾਮਕ 28 ਸਾਲ ਦੇ ਲੜਕੇ ਦਾ ਆਪਣੇ ਹੀ ਪਿੰਡ ਦੀ ਕੁੜੀ ਨਾਲ ਕਰੀਬ ਚਾਰ ਮਹੀਨੇ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਪਰ ਥੋੜੇ ਦਿਨਾਂ ਬਾਅਦ ਉਹ ਵਾਪਸ ਪਿੰਡ ਆ ਗਏ ਸਨ ਪਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ |
ਇਸ ਲਈ ਉਹ ਲੜਕੀ ਨੂੰ ਵਾਪਸ ਆਪਣੇ ਘਰ ਲੈ ਗਏ ਪਰ ਬਾਅਦ ‘ਚ ਵੀ ਲੜਕਾ ਲੜਕੀ ਨੂੰ ਮਿਲਣ ਜਾਂਦਾ ਰਹਿੰਦਾ ਸੀ। ਚਸ਼ਮਦੀਦਾਂ ਮੁਤਾਬਕ ਕੱਲ੍ਹ ਰਾਤ ਵੀ ਲੜਕਾ ਲੜਕੀ ਨੂੰ ਮਿਲਣ ਉਸ ਦੇ ਘਰ ਗਿਆ, ਪਰ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਰੱਸੀ ਨਾਲ ਬੰਨ੍ਹ ਲਿਆ ਅਤੇ ਬਹੁਤ ਜਿਆਦਾ ਕੁੱਟਮਾਰ ਕੀਤੀ, ਜਿਸ ਨਾਲ ਲੜਕੇ ਦੀ ਉਥੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਵਲੋਂ ਲੜਕੇ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
ਇਸ ਮੌਕੇ ਮਹਿਲਾ ਪੰਚਾਇਤ ਮੈਂਬਰ ਨੇ ਦੱਸਿਆ ਕਿ ਰਾਤ ਉਸ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਸੂਚਨਾ ਦਿੱਤੀ ਸੀ ਕਿ ਲੜਕਾ ਉਨ੍ਹਾਂ ਦੇ ਘਰ ਆ ਵੜਿਆ, ਜਿਸ ਨੂੰ ਉਨ੍ਹਾਂ ਨੇ ਬੰਨ ਲਿਆ ਅਤੇ ਕੁੱਟਮਾਰ ਵੀ ਕੀਤੀ | ਜਿਨ੍ਹਾਂ ਨੂੰ ਉਸਨੇ ਉਸਦੇ ਘਰ ਛੱਡ ਆਉਣ ਲਈ ਕਿਹਾ, ਪਰ ਕਰੀਬ ਚਾਰ ਵਜੇ ਫਿਰ ਫੋਨ ਕਰਕੇ ਦੱਸਿਆ ਕਿ ਲੜਕੇ ਦੀ ਮੌਤ ਹੋ ਗਈ | ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਲੜਕੇ ਲੜਕੀ ਦੇ ਸਬੰਧਾਂ ਤੋਂ ਲੜਕੀ ਪਰਿਵਾਰ ਖੁਸ਼ ਨਹੀਂ ਸੀ | ਜਿਸ ਕਾਰਨ ਉਨ੍ਹਾਂ ਵੱਲੋਂ ਲੜਕੇ ਦੀ ਕੁੱਟਮਾਰ ਕੀਤੀ | ਦੂਜੇ ਪਾਸੇ ਉਨ੍ਹਾਂ ਨੇ ਇਲਜ਼ਾਮ ਲਗਾਏ ਕਿ ਲੜਕਾ ਰਾਤ ਨੂੰ ਕੰਧ ਟੱਪ ਕੇ ਉਨ੍ਹਾਂ ਦੇ ਘਰ ਵੜਿਆ ਸੀ।
ਇਸ ਮੌਕੇ ਲੜਕੇ ਦੀ ਮਾਤਾ ਜੀਤ ਕੌਰ ਨੇ ਦੱਸਿਆ ਕਿ ਲੜਕੀ-ਲੜਕੇ ਨੇ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਕਾਰਨ ਲੜਕੀ ਵਾਲੇ ਖੁਸ਼ ਨਹੀਂ ਸਨ ਅਤੇ ਕੱਲ੍ਹ ਰਾਤ ਉਹ ਲੜਕੀ ਕੋਲੋ ਆਪਣਾ ਮੋਬਾਇਲ ਲੈਣ ਗਿਆ ਸੀ ਪਰ ਲੜਕੀ ਵਾਲਿਆ ਨੇ ਉਸ ਨੂੰ ਉਥੇ ਜਾਨੋ ਮਾਰ ਦਿੱਤਾ ।ਉਨ੍ਹਾਂ ਇਨਸਾਫ ਦੀ ਮੰਗ ਕਰਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿਹਾ ਕਿ ਲੜਕੀ ਲੜਕੇ ਵੱਲੋਂ ਪ੍ਰੇਮ ਵਿਆਹ ਕਰਵਾਇਆ ਸੀ ਜੋ ਲੜਕੀ ਵਾਲਿਆ ਨੂੰ ਮਨਜ਼ੂਰ ਨਹੀਂ ਹੋਈ | ਜਿਸ ਕਰਕੇ ਹੋ ਸਕਦਾ ਕਿ ਰੰਜਿਸ਼ ਕਾਰਨ ਲੜਕੇ ਦਾ ਕਤਲ ਕੀਤਾ ਹੋਵੇ | ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ, ਫਿਲਹਾਲ ਦੋਵੇਂ ਧਿਰਾਂ ਦੇ ਬਿਆਨ ਲਿਖੇ ਜ਼ਾ ਰਹੇ ਹਨ |