ਚੰਡੀਗੜ੍ਹ, 16 ਅਗਸਤ 2024: ਪੰਜਾਬ ਪੁਲਿਸ (Punjab Police) ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਐਸ.ਏ.ਐਸ ਨਗਰ ਨੇ ਅੰਤਰਰਾਜੀ ਸੰਗਠਿਤ ਹਥਿਆਰ ਤਸਕਰੀ ਰੈਕੇਟ ਚਲਾਉਣ ਵਾਲੇ ਇੱਕ ਵਿਅਕਤੀ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ | ਪੁਲਿਸ ਨੇ ਮੁਲਜ਼ਮ ਕੋਲੋਂ ਚਾਰ .32 ਬੋਰ ਦੇ ਪਿਸਤੌਲ ਬਰਾਮਦ ਕੀਤੇ ਹਨ | ਪੁਲਿਸ (Police) ਵੱਲੋਂ ਫੜੇ ਗਏ ਮੁਲਜ਼ਮ ਦੀ ਪਛਾਣ ਵਿਨੋਦ ਕੁਮਾਰ ਉਰਫ ਰਾਹੁਲ ਵਾਸੀ ਗਿਆਸਪੁਰਾ, ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਕਤ ਮੁਲਜ਼ਮ ਦਾ ਅਪਰਾਧਿਕ ਪਿਛੋਕੜ ਅਤੇ ਉਸਦੇ ਖ਼ਿਲਾਫ ਚੋਰੀ ਅਤੇ ਲੁੱਟ-ਖੋਹ ਦੇ ਮਾਮਲੇ ਦਰਜ ਹਨ |
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਐਸਐਸਓਸੀ ਅੰਮ੍ਰਿਤਸਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰ ਅਤੇ ਗੋਲੀਆਂ ਦੀ ਸਪਲਾਈ ਕਰਨ ਵਾਲਾ ਮੁਲਜ਼ਮ ਵਿਨੋਦ ਕਿਸੇ ਅਪਰਾਧਿਕ ਅਨਸਰਾਂ ਨੂੰ ਹਥਿਆਰਾਂ ਦੀ ਖੇਪ ਸਪਲਾਈ ਕਰਨ ਲੁਧਿਆਣਾ ਤੋਂ ਖਰੜ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਵਿਨੋਦ ਨੂੰ ਖਰੜ ਦੇ ਟੋਲ ਪਲਾਜ਼ਾ ਨੇੜੇ ਕਾਬੂ ਕਰ ਲਿਆ |
ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮ ਪੰਜਾਬ ‘ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਤੋਂ ਇਲਾਵਾ ਵੱਖ-ਵੱਖ ਅਪਰਾਧਿਕ ਗਿਰੋਹਾਂ ਨੂੰ ਲੌਜਿਸਟਿਕ ਸਹਾਇਤਾ ਵੀ ਦੇ ਰਿਹਾ ਸੀ | ਪੁਲਿਸ ਇਸਦੇ ਅਗਲੇ-ਪਿਛਲੇ ਸੰਬੰਧਾਂ ਦੀ ਜਾਂਚ ਕਰ ਰਹੀ ਹੈ |
ਦੂਜੇ ਪਾਸੇ ਡੀਆਈਜੀ ਕਾਊਂਟਰ ਇੰਟੈਲੀਜੈਂਸ ਜੇ. ਏਲੈਂਚੇਜ਼ੀਅਨ ਨੇ ਕਿਹਾ ਕਿ ਮੁੱਢਲੀ ਪੜਤਾਲ ‘ਚ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ ਲੁਧਿਆਣਾ ਜੇਲ੍ਹ ‘ਚ ਸਜਾ ਦੌਰਾਨ ਅੰਦਰ ਅਤੇ ਬਾਹਰ ਬੈਠੇ ਬਦਮਾਸ਼ਾਂ ਦੇ ਸੰਪਰਕ ‘ਚ ਆਇਆ ਸੀ ਅਤੇ ਹੁਣ ਉਹ ਉਨ੍ਹਾਂ ਬਦਮਾਸ਼ਾਂ ਲਈ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਸਪਲਾਈ ਕਰ ਰਿਹਾ ਸੀ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |