July 5, 2024 5:05 am
Veer Savarkar Setu

ਮਹਾਰਾਸ਼ਟਰ ਸਰਕਾਰ ਨੇ ਬਾਂਦਰਾ-ਵਰਸੋਵਾ ਸਮੁੰਦਰੀ ਪੁਲ ਦਾ ਨਾਂ ਬਦਲ ਕੇ ਵੀਰ ਸਾਵਰਕਰ ਸੇਤੂ ਰੱਖਿਆ

ਚੰਡੀਗ੍ਹੜ, 28 ਜੂਨ 2023: ਮਹਾਰਾਸ਼ਟਰ ਵਿੱਚ ਬਾਂਦਰਾ-ਵਰਸੋਵਾ ਸਮੁੰਦਰੀ ਪੁਲ (Versova–Bandra Sea Link) ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਇਸਨੂੰ ਵੀਰ ਸਾਵਰਕਰ ਸੇਤੂ (Veer Savarkar Setu) ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਤੋਂ ਇਲਾਵਾ ਮੁੰਬਈ ਟਰਾਂਸ ਹਾਰਬਰ ਲਿੰਕ ਦਾ ਨਾਂ ਵੀ ਬਦਲ ਕੇ ਅਟਲ ਬਿਹਾਰੀ ਵਾਜਪਾਈ ਸਮ੍ਰਿਤੀ ਨਹਾਵਾ ਸ਼ੇਵਾ ਅਟਲ ਸੇਤੂ ਕਰ ਦਿੱਤਾ ਗਿਆ ਹੈ। ਪਿਛਲੇ ਮਹੀਨੇ ਵੀਰ ਸਾਵਰਕਰ ਜਯੰਤੀ ਵਾਲੇ ਦਿਨ ਮਹਾਰਾਸ਼ਟਰ ਸਰਕਾਰ ਨੇ ਇਸ ਸਬੰਧੀ ਫੈਸਲਾ ਲਿਆ ਸੀ।

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਫਰਵਰੀ ‘ਚ ਔਰੰਗਾਬਾਦ ਅਤੇ ਉਸਮਾਨਾਬਾਦ ਦੇ ਬਦਲੇ ਹੋਏ ਨਾਵਾਂ ਨੂੰ ਮਨਜ਼ੂਰੀ ਦਿੱਤੀ ਸੀ। ਹੁਣ ਔਰੰਗਾਬਾਦ ਨੂੰ ਛਤਰਪਤੀ ਸੰਭਾਜੀਨਗਰ ਅਤੇ ਉਸਮਾਨਾਬਾਦ ਨੂੰ ਧਾਰਾਸ਼ਿਵ ਵਜੋਂ ਜਾਣਿਆ ਜਾਵੇਗਾ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਟਵਿੱਟਰ ‘ਤੇ ਇਹ ਖ਼ਬਰ ਸਾਂਝੀ ਕੀਤੀ ਹੈ। ਔਰੰਗਾਬਾਦ ਦਾ ਨਾਂ ਮੁਗਲ ਸ਼ਾਸਕ ਔਰੰਗਜ਼ੇਬ ਦੇ ਨਾਂ ‘ਤੇ ਰੱਖਿਆ ਗਿਆ ਸੀ, ਜਦੋਂ ਕਿ ਉਸਮਾਨਾਬਾਦ ਦਾ ਨਾਂ 20ਵੀਂ ਸਦੀ ਦੇ ਹੈਦਰਾਬਾਦ ਰਿਆਸਤ ਦੇ ਸ਼ਾਸਕ ਦੇ ਨਾਂ ‘ਤੇ ਰੱਖਿਆ ਗਿਆ ਸੀ।

ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਭ ਤੋਂ ਵੱਡੇ ਪੁੱਤਰ ਛਤਰਪਤੀ ਸੰਭਾਜੀ, ਆਪਣੇ ਪਿਤਾ ਦੁਆਰਾ ਸਥਾਪਿਤ ਮਰਾਠਾ ਸਾਮਰਾਜ ਦੇ ਦੂਜੇ ਸ਼ਾਸਕ ਸਨ। ਸੰਭਾਜੀ ਮਹਾਰਾਜ ਨੂੰ ਔਰੰਗਜ਼ੇਬ ਦੇ ਹੁਕਮ ‘ਤੇ 1689 ਵਿੱਚ ਫਾਂਸੀ ਦਿੱਤੀ ਗਈ ਸੀ। ਕੁਝ ਵਿਦਵਾਨਾਂ ਅਨੁਸਾਰ ਉਸਮਾਨਾਬਾਦ ਦੇ ਨੇੜੇ ਇੱਕ ਗੁਫਾ ਧਾਰਾਸ਼ਿਵ ਅੱਠਵੀਂ ਸਦੀ ਦੀ ਹੈ। ਹਿੰਦੂ ਦੱਖਣਪੰਥੀ ਸੰਗਠਨ ਲੰਬੇ ਸਮੇਂ ਤੋਂ ਇਨ੍ਹਾਂ ਦੋਵੇਂ ਸ਼ਹਿਰਾਂ ਦੇ ਨਾਂ ਬਦਲਣ ਦੀ ਮੰਗ ਕਰ ਰਹੇ ਸਨ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਦੱਸਿਆ ਸੀ ਕਿ ਸੂਬਾ ਸਰਕਾਰ ਨੇ ਸਾਵਰਕਰ ਜਯੰਤੀ ਨੂੰ ਵੀਰ ਸਾਵਰਕਰ ਗੌਰਵ ਦਿਨ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਬਾਂਦਰਾ-ਵਰਸੋਵਾ ਸਮੁੰਦਰੀ ਪੁਲ ਦਾ ਨਾਂ ਵੀਰ ਸਾਵਰਕਰ ((Veer Savarkar Setu) ਦੇ ਨਾਂ ‘ਤੇ ਰੱਖਣ ਦਾ ਐਲਾਨ ਵੀ ਕੀਤਾ ਸੀ। ਵੱਖ-ਵੱਖ ਖੇਤਰਾਂ ਵਿੱਚ ਜ਼ਿਕਰਯੋਗ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਵੀਰ ਸਾਵਰਕਰ ਬਹਾਦਰੀ ਪੁਰਸਕਾਰ ਦੇਣ ਦਾ ਵੀ ਫੈਸਲਾ ਕੀਤਾ ਗਿਆ।