LPG gas cylinder

ਐਲਪੀਜੀ ਦਾ ਗੈਸ ਸਿਲੰਡਰ ਦੇਵੇਗਾ ਮਤਦਾਨ ਦਾ ਸੁਨੇਹਾ

ਫਾਜ਼ਿਲਕਾ 12 ਮਈ 2024: ਐਲਪੀਜੀ ਦਾ ਗੈਸ ਸਿਲੰਡਰ (LPG gas cylinder) ਹੁਣ ਤੁਹਾਡੇ ਖਾਣਾ ਬਣਾਉਣ ਵਾਲੇ ਚੁੱਲੇ ਨੂੰ ਹੀ ਨਹੀਂ ਮਘਾਏਗਾ ਸਗੋਂ ਇਹ ਤੁਹਾਨੂੰ ਇਕ ਜੂਨ ਨੂੰ ਮਤਦਾਨ ਕਰਨ ਦਾ ਸੁਨੇਹਾ ਵੀ ਦੇਵੇਗਾ। ਸਵੀਪ ਪ੍ਰੋਗਰਾਮ ਦੇ ਤਹਿਤ ਫਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ, ਜਿਸ ਦੇ ਤਹਿਤ ਗੈਸ ਸਿਲੰਡਰਾਂ ਤੇ ਵੋਟਰ ਜਾਗਰੂਕਤਾ ਸਟੀਕਰ ਚਿਪਕਾਏ ਜਾ ਰਹੇ ਹਨ। ਇਹ ਗੈਸ ਸਿਲਿੰਡਰ ਜਦੋਂ ਏਜੰਸੀ ਤੋਂ ਲੋਕਾਂ ਦੇ ਘਰਾਂ ਵਿੱਚ ਜਾਂਦੇ ਹਨ ਤਾਂ ਇਹਨਾਂ ਨਾਲ ਲੋਕਾਂ ਵਿੱਚ ਵੋਟ ਦੇ ਮਹੱਤਵ ਪ੍ਰਤੀ ਜਾਗਰੂਕਤਾ ਵਧੇਗੀ।

ਜ਼ਿਲ੍ਹਾ ਚੋਣਾਂ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਸੇਨੂੰ ਦੁੱਗਲ ਨੇ ਦੱਸਿਆ ਕਿ ਮਤਦਾਨ ਵਿੱਚ ਵੱਧ ਤੋਂ ਵੱਧ ਲੋਕ ਭਾਗ ਲੈਣ ਅਤੇ ਹਰੇਕ ਯੋਗ ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰੇ ਇਸ ਲਈ ਸਵੀਪ ਪ੍ਰੋਗਰਾਮ ਦੇ ਤਹਿਤ ਜ਼ਿਲ੍ਹੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਸਵੀਪ ਟੀਮਾਂ ਵੱਖ-ਵੱਖ ਗਤੀਵਿਧੀਆਂ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਇਸੇ ਲੜੀ ਵਿੱਚ ਹੁਣ ਗੈਸ ਸਿਲੰਡਰਾਂ (LPG gas cylinder) ਤੇ ਵੀ ਵੋਟਰ ਜਾਗਰੂਕਤਾ ਸਟੀਕਰ ਲਗਾਉਣ ਦਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤੋਂ ਬਿਨਾਂ ਬੱਸਾਂ ਵਿੱਚ ਵੀ ਅਜਿਹੇ ਸਟੀਕਰ ਲਗਾਏ ਗਏ ਹਨ ਅਤੇ ਵੱਖ ਵੱਖ ਥਾਵਾਂ ਤੇ ਦਫਤਰਾਂ ਵਿੱਚ ਜਾਂ ਹੋਰ ਮਹੱਤਵਪੂਰਨ ਥਾਵਾਂ ਤੇ ਵੀ ਅਜਿਹੇ ਸਟੀਕਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 1 ਜੂਨ ਨੂੰ ਮਤਦਾਨ ਲਈ ਤਿਆਰ ਰਹਿਣ ਅਤੇ ਹਰੇਕ ਵੋਟਰ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਕਰੇ। ਉਹਨਾਂ ਨੇ ਕਿਹਾ ਕਿ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਹਨ।।

Scroll to Top