ਚੰਡੀਗੜ੍ਹ, 11 ਜੁਲਾਈ 2025: ਪੰਜਾਬ ਵਿਧਾਨ ਸਭਾ ‘ਚ ਅੱਜ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇੱਕ ਧਿਆਨ ਦਿਵਾਊ ਮਤੇ ਦੇ ਜਵਾਬ ‘ਚ ਕਿਹਾ ਕਿ ਤਲਵਾੜਾ ਬੱਸ ਸਟੈਂਡ ਦੀ ਇਮਾਰਤ ਦੀ ਮੁਰੰਮਤ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਕਰਕੇ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਦਸੂਹਾ ਦੇ ਵਿਧਾਇਕ ਵੱਲੋਂ ਬਲਾਕ ਤਲਵਾੜਾ ਦੇ ਬੱਸ ਸਟੈਂਡ ਦੀ ਖਸਤਾ ਹਾਲਤ ਵੱਲ ਧਿਆਨ ਦਿਵਾਏ ਜਾਣ ਦੇ ਜਵਾਬ ‘ਚ ਮੰਤਰੀ ਸੌਂਦ ਨੇ ਕਿਹਾ ਕਿ ਇਸ ਵੇਲੇ ਪੰਚਾਇਤ ਸੰਮਤੀ ਕੋਲ ਇਸ ਬੱਸ ਸਟੈਂਡ ਦੀ ਨਵੀਂ ਉਸਾਰੀ ਲਈ ਲੋੜੀਂਦੇ ਫੰਡ ਨਹੀਂ ਹਨ। ਜਦੋਂ ਤੱਕ ਬੱਸ ਸਟੈਂਡ ਦੀ ਨਵੀਂ ਇਮਾਰਤ ਨਹੀਂ ਬਣ ਜਾਂਦੀ, ਉਦੋਂ ਤੱਕ ਕਮੇਟੀ ਫੰਡ ਜਾਂ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਨਾਲ ਇਸਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਇਸਨੂੰ ਕਾਰਜਸ਼ੀਲ ਰੱਖਿਆ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਸਾਲ 2021 ‘ਚ ਤਲਵਾੜਾ ਬੱਸ ਸਟੈਂਡ ਦੀ ਨਵੀਂ ਉਸਾਰੀ ਲਈ ਟਰਾਂਸਪੋਰਟ ਵਿਭਾਗ ਵੱਲੋਂ 262 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕੀਤੀ ਸੀ, ਪਰ ਫੰਡਾਂ ਦੀ ਘਾਟ ਕਾਰਨ ਕੋਈ ਉਸਾਰੀ ਕਾਰਵਾਈ ਸ਼ੁਰੂ ਨਹੀਂ ਹੋ ਸਕੀ। ਹੁਣ ਟਰਾਂਸਪੋਰਟ ਵਿਭਾਗ ਨਾਲ ਦੁਬਾਰਾ ਸੰਪਰਕ ਕਰਕੇ ਬੱਸ ਸਟੈਂਡ ਦੀ ਹਾਲਤ ਸੁਧਾਰੀ ਜਾਵੇਗੀ।
Read More: ਪੰਜਾਬ ਵਿਧਾਨ ਸਭਾ ‘ਚ ਅਮਨ ਅਰੋੜਾ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਹੋਈ ਬਹਿਸ