Lok Sabha

ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਲੋਕ ਸਭਾ ਸਪੀਕਰ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ, 26 ਜੁਲਾਈ 2023: ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਪਿਛਲੇ ਚਾਰ ਦਿਨਾਂ ਤੋਂ ਮਣੀਪੁਰ ਮੁੱਦੇ ‘ਤੇ ਸਦਨ ‘ਚ ਬਹਿਸ ਚੱਲ ਰਹੀ ਹੈ। ਇਸ ਦੌਰਾਨ ਵਿਰੋਧੀ ਪਾਰਟੀਆਂ ਵੱਲੋਂ ਅੱਜ (ਬੁੱਧਵਾਰ) ਲੋਕ ਸਭਾ (lok Sabha) ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ। ਲੋਕ ਸਭਾ ਸਪੀਕਰ ਨੇ ਬੇਭਰੋਸਗੀ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਬੇਭਰੋਸਗੀ ਮਤੇ ‘ਤੇ ਸਹਿਮਤੀ ਜਤਾਈ ਹੈ। ਇਸ ਸਬੰਧੀ ਕਾਂਗਰਸ ਨੇ ਆਪਣੇ ਸੰਸਦ ਮੈਂਬਰਾਂ ਨੂੰ ਵ੍ਹਿਪ ਵੀ ਜਾਰੀ ਕੀਤਾ ਹੈ। ਦੱਸ ਦੇਈਏ ਕਿ ਵਿਰੋਧੀ ਧਿਰ ਮੰਗ ਕਰ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਮਨੀਪੁਰ ਮੁੱਦਿਆਂ ‘ਤੇ ਬਿਆਨ ਦੇਣ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਉਹ ਮਣੀਪੁਰ ‘ਤੇ ਚਰਚਾ ਲਈ ਤਿਆਰ ਹੈ, ਪਰ ਵਿਰੋਧੀ ਪਾਰਟੀਆਂ ਇਕ ਨਿਯਮ ਦੇ ਤਹਿਤ ਚਰਚਾ ਲਈ ਦਬਾਅ ਪਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਮਣੀਪੁਰ ‘ਚ ਹਿੰਸਾ ਦੇ ਮੁੱਦੇ ‘ਤੇ ਕਾਂਗਰਸ ਨੇ ਬੁੱਧਵਾਰ ਸਵੇਰੇ ਕੇਂਦਰ ਸਰਕਾਰ ਖਿਲਾਫ ਬੇਭਰੋਸਗੀ ਮਤੇ ਦਾ ਨੋਟਿਸ ਦਿੱਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਦਾ ਨੋਟਿਸ ਦਾਇਰ ਕੀਤਾ ਹੈ। ਬੀਆਰਐਸ ਪਾਰਟੀ ਨੇ ਸਰਕਾਰ ਦੇ ਖਿਲਾਫ ਇੱਕ ਵੱਖਰੇ ਬੇਭਰੋਸਗੀ ਮਤੇ ਦਾ ਨੋਟਿਸ ਵੀ ਦਿੱਤਾ ਹੈ। ਬੀਆਰਐਸ ਦੀ ਤਰਫੋਂ ਪਾਰਟੀ ਦੇ ਸੰਸਦ ਮੈਂਬਰ ਨਾਮਾ ਨਾਗੇਸ਼ਵਰ ਰਾਓ ਨੇ ਬੇਭਰੋਸਗੀ ਮਤੇ ਦਾ ਨੋਟਿਸ ਦਿੱਤਾ ਹੈ।

ਦੁਪਹਿਰ 12 ਵਜੇ ਲੋਕ ਸਭਾ (lok Sabha) ਦੀ ਕਾਰਵਾਈ ਸ਼ੁਰੂ ਹੋਣ ‘ਤੇ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਬੇਭਰੋਸਗੀ ਮਤਾ ਪੇਸ਼ ਕੀਤਾ | ਨਿਯਮਾਂ ਤਹਿਤ 50 ਤੋਂ ਵੱਧ ਸੰਸਦ ਮੈਂਬਰਾਂ ਦੇ ਸਮਰਥਨ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਬੇਭਰੋਸਗੀ ਮਤੇ ‘ਤੇ ਬਹਿਸ ਦਾ ਸਮਾਂ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਤੈਅ ਕੀਤਾ ਜਾਵੇਗਾ। ਹਾਲਾਂਕਿ ਨਾਅਰੇਬਾਜ਼ੀ ਕਰਦੇ ਹੋਏ ਵਿਰੋਧੀ ਧਿਰ ਨੇ ਪੀਐਮ ਮੋਦੀ ਦੀ ਮੌਜੂਦਗੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

Scroll to Top