ਚੰਡੀਗੜ੍ਹ, 08 ਅਪ੍ਰੈਲ 2024: ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਫਿਲਹਾਲ ਸਮਾਂ ਬਾਕੀ ਹੈ | ਪਰ ਹੁਣ ਤੱਕ ਕਿਸੇ ਵੀ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਉਮੀਦਵਾਰ ਨਹੀਂ ਉਤਾਰੇ ਹਨ। ਕਾਂਗਰਸ (Congress) ਅਤੇ ਅਕਾਲੀ ਦਲ ਨੇ ਅਜੇ ਤੱਕ ਇੱਕ ਵੀ ਸੂਚੀ ਜਾਰੀ ਨਹੀਂ ਕੀਤੀ ਹੈ, ਜਦਕਿ ਆਮ ਆਦਮੀ ਪਾਰਟੀ ਨੇ 9 ਅਤੇ ਭਾਜਪਾ ਨੇ 6 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ। ਇੱਥੋਂ ਤੱਕ ਕਿ ਐਤਵਾਰ 7 ਅਪ੍ਰੈਲ ਨੂੰ ਕਾਂਗਰਸ ਦੀ ਨਵੀਂ ਸੂਚੀ ਵਿੱਚ ਪੰਜਾਬ ਦੀ ਕਿਸੇ ਵੀ ਸੀਟ ਲਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ।
ਦਰਅਸਲ, ਪੰਜਾਬ ਵਿਚ ਕਾਂਗਰਸ (Congress) ਦੀਆਂ 6 ਸੀਟਾਂ ਹਨ, ਚਰਚਾ ਹੈ ਕਿ ਜਿਨ੍ਹਾਂ ‘ਤੇ 2 ਜਾਂ ਇਸ ਤੋਂ ਵੱਧ ਦਾਅਵੇ ਪੇਸ਼ ਕੀਤੇ ਜਾ ਚੁੱਕੇ ਹਨ। ਤਿੰਨ ਸੀਟਾਂ ਅਜਿਹੀਆਂ ਹਨ ਜਿੱਥੇ ਤਿੰਨ-ਤਿੰਨ ਉਮੀਦਵਾਰ ਟਿਕਟ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਹੋਰ ਦਾਅਵੇਦਾਰ ਵੀ ਦਿੱਲੀ ਵਿੱਚ ਡੇਰੇ ਲਾਈ ਬੈਠੇ ਹਨ। ਪੰਜਾਬ ਵਿੱਚ ਸੱਤਵੇਂ ਪੜਾਅ ਵਿੱਚ ਪਹਿਲੀ ਜੂਨ ਨੂੰ ਚੋਣਾਂ ਹੋਣੀਆਂ ਹਨ। ਜਦੋਂ ਕਿ ਗਜ਼ਟਿਡ ਨੋਟੀਫਿਕੇਸ਼ਨ 7 ਮਈ ਨੂੰ ਕੀਤਾ ਜਾਣਾ ਹੈ। ਅਜਿਹੇ ‘ਚ ਕਾਂਗਰਸ ਕੋਲ ਕਾਫ਼ੀ ਸਮਾਂ ਹੈ ਅਤੇ ਫਿਲਹਾਲ ਕਾਂਗਰਸ ਆਪਣਾ ਧਿਆਨ ਦੂਜੇ ਸੂਬਿਆਂ ‘ਤੇ ਕੇਂਦਰਿਤ ਕਰਨਾ ਚਾਹੁੰਦੀ ਹੈ।