ਚੰਡੀਗੜ੍ਹ, 26 ਜਨਵਰੀ 2023: ਦਿੱਲੀ ਸਰਕਾਰ ਅਤੇ ਉਪ ਰਾਜਪਾਲ ਦੇ ਦਫ਼ਤਰ ਵਿਚਾਲੇ ਚੱਲ ਰਹੇ ਟਕਰਾਅ ਦਰਮਿਆਨ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਉਨ੍ਹਾਂ ਦੇ ਮੰਤਰੀਆਂ ਅਤੇ ‘ਆਪ’ ਦੇ 10 ਵਿਧਾਇਕਾਂ ਨੂੰ ਮੀਟਿੰਗ ਲਈ ਬੁਲਾਇਆ ਹੈ। ਉਨ੍ਹਾਂ ਨੇ ਸਾਰਿਆਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਰਾਜ ਨਿਵਾਸ ਆਉਣ ਲਈ ਕਿਹਾ ਹੈ।
ਰਾਜ ਨਿਵਾਸ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਨੂੰ ਆਪਣੇ ਕੈਬਨਿਟ ਸਾਥੀਆਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਿਸੇ ਵੀ 10 ਵਿਧਾਇਕਾਂ ਦੇ ਨਾਲ ਸ਼ਾਮ 4 ਵਜੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਸਰਕਾਰ ਅਤੇ ਐੱਲ.ਜੀ. ਵਿਚਾਲੇ ਕਈ ਮੁੱਦਿਆਂ ‘ਤੇ ਟਕਰਾਅ ਚੱਲ ਰਿਹਾ ਹੈ, ਜਿਸ ‘ਚ ਦਿੱਲੀ ਸਰਕਾਰ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਣ ਦਾ ਪ੍ਰਸਤਾਵ ਵੀ ਸ਼ਾਮਲ ਹੈ।
16 ਜਨਵਰੀ ਨੂੰ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਨੇ ਅਧਿਆਪਕ ਸਿਖਲਾਈ ਪ੍ਰਸਤਾਵ ਨੂੰ ਲੈ ਕੇ ਐਲਜੀ ਵੀਕੇ ਸਕਸੈਨਾ ਨੂੰ ਮਿਲਣ ਲਈ ਵਿਧਾਨ ਸਭਾ ਤੋਂ ਰਾਜ ਨਿਵਾਸ ਤੱਕ ਮਾਰਚ ਕੀਤਾ। ਕਰੀਬ ਇਕ ਘੰਟੇ ਦੀ ਉਡੀਕ ਤੋਂ ਬਾਅਦ ਉਥੋਂ ਵਾਪਸ ਪਰਤਦਿਆਂ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਐਲਜੀ ਨੇ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ‘ਆਪ’ ਵਿਧਾਇਕਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ।
ਕੁਝ ਦਿਨਾਂ ਬਾਅਦ, ਐਲਜੀ ਨੇ ਕੇਜਰੀਵਾਲ ਨੂੰ ਲਿਖੇ ਪੱਤਰ ਵਿੱਚ ਦਿੱਲੀ ਸਰਕਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਇੱਕ ਮੀਟਿੰਗ ਲਈ ਜ਼ੋਰ ਪਾਇਆ ਸੀ, ਜਿਸ ਵਿੱਚ ਉਨ੍ਹਾਂ ਦੇ ਸਾਰੇ ਵਿਧਾਇਕ ਸ਼ਾਮਲ ਹੋਣਗੇ।