Kargil

ਕਾਰਗਿਲ ਦੀ ਜਿੱਤ ਭਾਰਤੀ ਫੌਜ ਦੀ ਬਹਾਦਰੀ ਅਤੇ ਦਲੇਰੀ ਦਾ ਨਤੀਜਾ ਸੀ: ਤਰੁਣ ਚੁੱਘ

ਬਟੋਤ ਰਾਮਬਨ, 26 ਜੁਲਾਈ 2024: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਰਗਿਲ ਵਿਜੇ ਦਿਹਾੜੇ (Kargil Vijay Diwas)  ਮੌਕੇ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਦੇ ਬਟੋਟ ‘ਚ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 25 ਸਾਲ ਪਹਿਲਾਂ ਭਾਰਤੀ ਬਹਾਦਰ ਫੌਜ ਨੇ ਕਾਰਗਿਲ ‘ਤੇ ਜਿੱਤ ਹਾਸਲ ਕੀਤੀ ਸੀ ਅਤੇ ਅੱਜ ਅਸੀਂ ਕਾਰਗਿਲ ਵਿਜੇ ਦਿਹਾੜੇ ਦੀ ਸਿਲਵਰ ਜੁਬਲੀ ਮਨਾ ਰਹੇ ਹਾਂ | ਉਨ੍ਹਾਂ ਕਿਹਾ ਕਿ ਕਾਰਗਿਲ ਜੰਗ ਖਾਸ ਹਲਾਤਾਂ ਦੀ ਜੰਗ ਸੀ। ਪਾਕਿਸਤਾਨ ਨੇ ਸਿੱਧੇ ਤੌਰ ‘ਤੇ ਹਮਲਾ ਨਹੀਂ ਕੀਤਾ, ਪਰ ਚੋਰਾਂ ਵਾਂਗ ਲੁਕ-ਛਿਪ ਕੇ ਪਾਕਿਸਤਾਨੀ ਫ਼ੌਜੀਆਂ ਨੇ ਕਾਰਗਿਲ ‘ਚ ਆਪਣਾ ਟਿਕਾਣਾ ਬਣਾ ਲਿਆ ਸੀ।

ਚੁੱਘ ਨੇ ਕਿਹਾ ਕਿ ਦੁਸ਼ਮਣ ਕਾਰਗਿਲ ਦੀਆਂ ਚੋਟੀਆਂ ‘ਤੇ ਸੀ। ਭਾਰਤ ਦੇ ਬਹਾਦਰ ਜਵਾਨਾਂ ਨੇ ਪਹਾੜ ‘ਤੇ ਚੜ੍ਹ ਕੇ ਉਸ ਅਪਹੁੰਚ ਚੋਟੀ ‘ਤੇ ਕਬਜ਼ਾ ਕਰਨਾ ਸੀ । ਸਾਡੇ ਬਹਾਦਰ ਜਵਾਨ ਨਹੀਂ ਰੁਕੇ, ਉਨ੍ਹਾਂ ਨੇ ਯੋਜਨਾਬੱਧ ਤਰੀਕੇ ਨਾਲ ਲੜਿਆ ਅਤੇ ਕਾਰਗਿਲ ਦੀਆਂ ਉੱਚੀ ਚੋਟੀਆਂ ‘ਤੇ ਮੁੜ ਤਿਰੰਗਾ ਲਹਿਰਾਇਆ।

ਚੁੱਘ ਨੇ ਕਿਹਾ ਕਿ ਭਾਜਪਾ ਦੇ ਨੁਮਾਇੰਦੇ ਵਜੋਂ ਨਰਿੰਦਰ ਮੋਦੀ ਉੱਥੇ ਗਏ ਸਨ ਅਤੇ ਕਾਰਗਿਲ ਯੁੱਧ (Kargil War) ਦੌਰਾਨ ਫੌਜੀਆਂ ਦਾ ਹੌਸਲਾ ਵਧਾਇਆ ਸੀ। 1962 ਅਤੇ 1971 ਦੀ ਚੀਨ-ਪਾਕਿਸਤਾਨ ਨਾਲ ਜੰਗ ਦੌਰਾਨ ਸ਼ਹੀਦ ਹੋਏ ਫੌਜੀਆਂ ਦੇ ਸਿਰਫ ਕੱਪੜੇ, ਟੋਪੀਆਂ ਅਤੇ ਪਛਾਣ ਪੱਤਰ ਘਰ ਆਉਂਦੇ ਸਨ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਫੈਸਲਾ ਕੀਤਾ ਸੀ ਕਿ ਸ਼ਹੀਦਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ‘ਚ ਪੂਰੇ ਸਨਮਾਨ ਨਾਲ ਕੀਤਾ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਫੌਜ ਦੀ ਹੋਵੇਗੀ।

ਚੁੱਘ ਨੇ ਕਿਹਾ ਕਿ ਜਦੋਂ ਯੂਪੀਏ ਸਰਕਾਰ ਦੇ ਰੱਖਿਆ ਮੰਤਰੀ ਨੂੰ ਪੁੱਛਿਆ ਗਿਆ ਕਿ ਤੁਸੀਂ ਸਰਹੱਦ ‘ਤੇ ਫੌਜੀਆਂ ਲਈ ਸੜਕ ਕਿਉਂ ਨਹੀਂ ਬਣਾਉਂਦੇ? ਤਾਂ ਜਵਾਬ ਸੀ ਕਿ ਸਰਕਾਰ ਦੀ ਤਰਜੀਹ ਵਜੋਂ ਇਸ ਕੰਮ ਲਈ ਕੋਈ ਪੈਸਾ ਨਹੀਂ ਹੈ। ਪਹਿਲਾਂ ਸਰਹੱਦੀ ਕਾਫ਼ਲੇ ਇੱਕ ਤਰਫਾ ਸੜਕ ਤੋਂ ਲੰਘਦੇ ਸਨ, ਅੱਜ ਸਾਡੀ ਫ਼ੌਜ ਸਰਹੱਦ ਤੱਕ ਪਹੁੰਚਣ ਲਈ ਡਬਲ-ਲੇਨ ਸੜਕਾਂ ਅਤੇ ਧਾਤੂ ਵਾਲੇ ਡਬਲ-ਲੇਨ ਪੁਲਾਂ ਦੀ ਵਰਤੋਂ ਕਰ ਰਹੀ ਹੈ। ਅੱਜ ਭਾਰਤੀ ਫੌਜ ਡੇਢ ਦਿਨ ਵਿੱਚ ਅਰੁਣਾਚਲ ਪ੍ਰਦੇਸ਼ ਤੋਂ ਲੱਦਾਖ ਪਹੁੰਚ ਜਾਂਦੀ ਹੈ।

ਚੁੱਘ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਭਾਰਤੀ ਫੌਜ ਕੋਲ ਲੜਾਕੂ ਜਹਾਜ਼ਾਂ, ਹੈਲੀਕਾਪਟਰਾਂ ਅਤੇ ਬੁਲੇਟਪਰੂਫ ਉਪਕਰਨਾਂ ਦੀ ਘਾਟ ਸੀ ਪਰ ਅੱਜ ਭਾਰਤ ਨਾ ਸਿਰਫ ਸਵਦੇਸ਼ੀ ਰੱਖਿਆ ਉਪਕਰਨਾਂ ਦਾ ਨਿਰਮਾਣ ਕਰ ਰਿਹਾ ਹੈ ਸਗੋਂ ਦੂਜੇ ਦੇਸ਼ਾਂ ਨੂੰ ਵੀ ਨਿਰਯਾਤ ਕਰ ਰਿਹਾ ਹੈ।

ਚੁੱਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਸਾਡੇ ਬਹਾਦਰ ਫੌਜੀਆਂ ਨੂੰ ਸਨਮਾਨਿਤ ਕਰਨ ਲਈ ਹਰ ਜ਼ਿਲ੍ਹੇ ‘ਚ ‘ਵਿਜੇ ਜਯੋਤੀ’ ਜਗਾ ਕੇ ਵਿਜੇ ਦਿਵਸ ਮਨਾ ਰਿਹਾ ਹੈ, ਇਹ ਸੰਦੇਸ਼ ਹੈ ਕਿ 140 ਕਰੋੜ ਲੋਕਾਂ ਦਾ ਦੇਸ਼ ਬਹਾਦਰ ਫੌਜੀਆਂ ਦੇ ਨਾਲ ਖੜ੍ਹਾ ਹੈ।

Scroll to Top