ਚੰਡੀਗੜ੍ਹ, 23 ਅਕਤੂਬਰ 2024: ਪੰਜਾਬ ਦੇ ਰਾਈਸ ਮਿੱਲਰ ਅੱਜ ਕੇਂਦਰ ਸਰਕਾਰ ਨਾਲ ਮੁਲਾਕਾਤ ਕਰਨਗੇ | ਦਰਅਸਲ, ਪੰਜਾਬ ‘ਚ ਝੋਨੇ ਦੀ ਲਿਫਟਿੰਗ (Paddy lifting) ਦਾ ਮੁੱਦਾ ਭਖਿਆ ਹੋਇਆ ਹੈ | ਇਸ ਬੈਠਕ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੱਦੀ ਹੈ | ਇਸ ਅਹਿਮ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਮੇਘਵਾਲ ਅਤੇ ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਵੀ ਮੌਜੂਦ ਰਹਿਣਗੇ। ਇਸ ‘ਚ ਰਾਈਸ ਮਿੱਲਰ ਆਪਣਾ ਮਸਲਾ ਚੁੱਕਣਗੇ ।
ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਜ਼ੋਰਾਂ ‘ਤੇ ਚੱਲ ਰਹੀ ਹੈ। ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ। ਜਦੋਂਕਿ ਸਰਕਾਰ ਦੇ ਮੰਤਰੀ ਇਸ ਪੂਰੇ ਮਾਮਲੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ 22 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੰਜਾਬ ‘ਚ ਝੋਨੇ ਦੀ ਖਰੀਦ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਨਾਲ ਰਾਈਸ ਮਿੱਲਰਾਂ ਦੇ ਮਸਲੇ ਉਠਾਏ ਹਨ।
ਇਸ ਮਸਲੇ ‘ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khuddian) ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਗੋਦਾਮਾਂ ‘ਚ ਪਹਿਲਾਂ ਪਈਆਂ ਫ਼ਸਲਾਂ ਨੂੰ ਸ਼ਿਫਟ ਕਰਨ ‘ਚ ਦੇਰੀ ਕੀਤੇ ਜਾਣ ਕਾਰਨ ਵਰਤੀ ਢਿੱਲ ਝੋਨੇ ਦੇ ਖਰੀਦ ਕਾਰਜਾਂ ‘ਚ ਵਿਘਨ ਪਾਇਆ ਜਾ ਰਿਹਾ ਹੈ।
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਦੀਆਂ ਅਨਾਜ ਮੰਡੀਆਂ ‘ਚ ਹੁਣ ਤੱਕ ਆਈ ਕੁੱਲ 31 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ‘ਚੋਂ 28 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਮਤਰੇਈ ਮਾਂ ਵਾਲੇ ਵਤੀਰੇ ਕਾਰਨ ਪੰਜਾਬ ਨੂੰ ਹਮੇਸ਼ਾ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਤੁਰੰਤ ਖਰੀਦ (Paddy lifting) ਨੂੰ ਯਕੀਨੀ ਬਣਾਉਣ ਦੇ ਬਾਵਜੂਦ ਕੇਂਦਰ ਸਰਕਾਰ ਪਿਛਲੇ ਸੀਜ਼ਨ ਦੌਰਾਨ ਖਰੀਦੀ ਗਈ ਫਸਲ ਨੂੰ ਗੁਦਾਮਾਂ ‘ਚੋਂ ਚੁੱਕਣ ‘ਚ ਨਾਕਾਮ ਰਹੀ ਹੈ, ਜਿਸ ਕਾਰਨ ਸਟੋਰੇਜ ਸਮਰੱਥਾ ਨਾ ਹੋਣ ਕਾਰਨ ਲਿਫਟਿੰਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਗੁਰਮੀਤ ਸਿੰਘ ਖੁੱਡੀਆਂ (Gurmeet Singh Khuddian) ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਗੁਦਾਮਾਂ ‘ਚ ਪਈਆਂ ਫਸਲਾਂ ਨੂੰ ਸ਼ਿਫਟ ਕਰਨ ਲਈ ਕੇਂਦਰ ਨੂੰ ਵਾਰ-ਵਾਰ ਬੇਨਤੀ ਕਰ ਚੁੱਕੀ ਹੈ ਤਾਂ ਜੋ ਅਗਲੀ ਫਸਲ ਲਈ ਸਟੋਰੇਜ ਦੀ ਕੋਈ ਸਮੱਸਿਆ ਨਾ ਆਵੇ, ਜਿਸ ਨੂੰ ਕੇਂਦਰ ਵੱਲੋਂ ਹਰ ਵਾਰ ਜਾਣਬੁੱਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ।