ਅੰਮ੍ਰਿਤਸਰ,11 ਅਪ੍ਰੈਲ 2024: ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ (Taranjit Singh Sandhu) ਸਮੁੰਦਰੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਕੋਟ ਖ਼ਾਲਸਾ 21 ਨੰਬਰ ਰੇਲਵੇ ਫਾਟਕ ਦਾ ਮਸਲਾ ਪਹਿਲ ਦੇ ਅਧਾਰ ’ਤੇ ਪੁਲ ਬਣਾ ਕੇ ਹੱਲ ਕੀਤਾ ਜਾਵੇਗਾ।
ਤਰਨਜੀਤ ਸਿੰਘ ਸੰਧੂ ਭਾਜਪਾ ਕੋਟ ਖ਼ਾਲਸਾ ਮੰਡਲ ਦੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਹਾਜ਼ਰ ਭਾਜਪਾ ਵਰਕਰਾਂ ਨੇ ਸ.ਸੰਧੂ ਦੇ ਉਕਤ ਐਲਾਨ ਦਾ ਜੈਕਾਰੇ ਲਾਉਂਦਿਆਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਤਰਨਜੀਤ ਸਿੰਘ ਸੰਧੂ ਨੇ ਵਰਕਰਾਂ ਦਾ ਹੌਸਲਾ ਤੇ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਆਉਣ ਵਾਲੀ ਸਰਕਾਰ ਵੀ ਭਾਜਪਾ ਦੀ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜਾਬ ਅਤੇ ਖ਼ਾਸ ਕਰ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ।
ਉਨ੍ਹਾਂ (Taranjit Singh Sandhu) ਕਿਹਾ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਦੀਆਂ ਦੁਖ ਤਕਲੀਫ਼ਾਂ ਅਤੇ ਦਰਪੇਸ਼ ਮੁਸ਼ਕਲਾਂ ਬਾਰੇ ਗਿਆਨ ਹੈ।ਪਰ ਅਫ਼ਸੋਸ ਅਤੇ ਮੈਂ ਹੈਰਾਨ ਹਾਂ ਕਿ ਚੁਣੇ ਹੋਏ ਲੋਕ ਨੁਮਾਇੰਦਿਆਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਲ ਕਦੀ ਧਿਆਨ ਕਿਉਂ ਨਹੀਂ ਦਿੱਤਾ।ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਉਨ੍ਹਾਂ ਕਿਹਾ ਕਿ ਕੋਟ ਖ਼ਾਲਸਾ ਵਿਚ ਸਫ਼ਾਈ ਵਿਵਸਥਾ ਖ਼ਰਾਬ ਹੈ ਤਾਂ ਕਈ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ।
ਸੀਵਰੇਜ ਸਿਸਟਮ ’ਚ ਖ਼ਰਾਬੀ ਅਤੇ ਟਰੈਫ਼ਿਕ ਦੀ ਸਮੱਸਿਆ ਹੈ।ਸ਼ਹਿਰ ਵਾਸੀਆਂ ਨੂੰ ਨਸ਼ਿਆਂ ਦੀ ਮਾਰ ਤੋਂ ਨਿਜਾਤ ਦਿਵਾਉਣ ਦੀ ਵੱਡੀ ਜ਼ਿੰਮੇਵਾਰੀ ਹੈ।ਉਨ੍ਹਾਂ ਯਕੀਨ ਦਿਵਾਉਂਦਿਆਂ ਕਿਹਾ ਕਿ ਚੋਣਾਂ ਤੋਂ ਬਾਅਦ ਕੇਂਦਰ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ ਜਿਸ ਨਾਲ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ ਤਾਂ ਕੋਟ ਖ਼ਾਲਸਾ ਦੀਆਂ ਮੁਸ਼ਕਲਾਂ ਦਾ ਵੀ ਹੱਲ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਦੀਆਂ ਸਭ ਸਕੀਮਾਂ ਅੰਮ੍ਰਿਤਸਰ ਦੇ ਲੋਕਾਂ ਤਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਵਰਕਰਾਂ ਨੂੰ ਚੋਣਾਂ ਲਈ ਕਮਰਕੱਸਾ ਕਰ ਲੈਣ ਅਤੇ ਲੋਕਾਂ ਵਿਚ ਜਾ ਕੇ ਇਹ ਗਰੰਟੀ ਦੇਣ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਜ਼ਰੂਰ ਕੱਢਿਆ ਜਾਵੇਗਾ।ਇਸ ਮੌਕੇ ਹਾਜ਼ਰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਅਤੇ ਹਲਕਾ ਇੰਚਾਰਜ ਕੁਮਾਰ ਅਮਿਤ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਨੇ ਭਾਰਤੀ ਵਿਦੇਸ਼ ਸੇਵਾ ਦੌਰਾਨ ਉੱਚ ਅਹੁਦਿਆਂ ’ਤੇ ਪਹੁੰਚ ਕੇ ਦੇਸ਼ ਸੇਵਾ ਦੇ ਨਾਲ-ਨਾਲ ਆਪਣੇ ਸ਼ਹਿਰ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਕੋਲ ਅੰਮ੍ਰਿਤਸਰ ਨੂੰ ਤਰੱਕੀ ਪੱਖੋਂ ਬੇਹੱਦ ਅੱਗੇ ਲਿਜਾਣ ਲਈ ਦੂਰ ਅੰਦੇਸ਼ੀ ਸੋਚ, ਇੱਕ ਪੂਰਾ ਰੋਡਮੈਪ,ਇੱਕ ਬਿਹਤਰੀਨ ਵਿਜ਼ਨ ਹੈ। ਜੋ ਆਪਣੇ ਚੰਗੇ ਸੰਬੰਧਾਂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ,ਕੈਨੇਡਾ, ਜਰਮਨੀ ਤੋਂ ਵੱਡੇ ਨਿਵੇਸ਼, ਪ੍ਰੋਜੈਕਟਾਂ ਨੂੰ ਅੰਮ੍ਰਿਤਸਰ ਲਿਆ ਸਕਦੇ ਹਨ।ਉਨ੍ਹਾਂ ਕਲਮ ਦੇ ਫੁੱਲ ’ਤੇ ਮੋਹਰਾਂ ਲਾ ਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਜਿੱਤ ਦਿਵਾਉਣ ਦੀ ਅਪੀਲ ਕੀਤੀ। ਇਸ ਮੌਕੇ ਐਸਪੀ ਕੇਵਲ ਕੁਮਾਰ,ਰੀਨਾ ਜੇਤਲੀ,ਕਮਲ ਸ਼ਰਮਾ, ਰਾਜੀਵ ਭਗਤ,ਮੰਡਲ ਪ੍ਰਧਾਨ ਸ਼ਾਮ ਲਾਲ ਭਗਤ ਤੇ ਧਰਮਵੀਰ ਬਾਵਾ ਵੀ ਮੌਜੂਦ ਸਨ।