ਚੰਡੀਗੜ੍ਹ, 05 ਜੁਲਾਈ 2023: ਜੇਨਿਨ ਸ਼ਹਿਰ ਵਿੱਚ ਇਜ਼ਰਾਈਲ ਅਤੇ ਫਿਲੀਸਤੀਨ ਦਰਮਿਆਨ ਦੋ ਦਿਨਾਂ ਦੇ ਤਣਾਅ ਤੋਂ ਬਾਅਦ ਮੰਗਲਵਾਰ ਨੂੰ ਇਜ਼ਰਾਈਲੀ ਫੌਜ (Israeli army) ਨੇ ਵੈਸਟ ਬੈਂਕ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਫੌਜ ਦੇ 2 ਦਿਨ ਚੱਲੇ ਆਪ੍ਰੇਸ਼ਨ ‘ਚ ਕਰੀਬ 12 ਫਿਲੀਸਤੀਨ ਮਾਰੇ ਗਏ, ਜਦਕਿ 100 ਤੋਂ ਵੱਧ ਜ਼ਖਮੀ ਹੋ ਗਏ। ਇਸ ਛਾਪੇਮਾਰੀ ਦੌਰਾਨ ਇੱਕ ਇਜ਼ਰਾਈਲੀ ਫੌਜੀ ਦੀ ਵੀ ਮੌਤ ਹੋ ਗਈ। ਅਲ ਜਜ਼ੀਰਾ ਦੇ ਮੁਤਾਬਕ ਇਜ਼ਰਾਈਲ ਦੀ ਕਾਰਵਾਈ ਨੇ ਜੇਨਿਨ ਵਿੱਚ ਸ਼ਰਨਾਰਥੀ ਕੈਂਪ ਨੂੰ ਤਬਾਹ ਕਰ ਦਿੱਤਾ।
ਇਲਾਕੇ ਦੇ ਘਰਾਂ, ਸੜਕਾਂ ਅਤੇ ਕਾਰਾਂ ਦਾ ਮਲਬਾ ਹਰ ਪਾਸੇ ਫੈਲਿਆ ਹੋਇਆ ਸੀ। ਇਸ ਤੋਂ ਬਾਅਦ ਮੰਗਲਵਾਰ ਦੇਰ ਰਾਤ ਗਾਜ਼ਾ ਪੱਟੀ ਤੋਂ ਇਜ਼ਰਾਈਲ ‘ਤੇ ਮਿਜ਼ਾਈਲ ਦਾਗੀ। ਹਮਲਿਆਂ ਦੇ ਮੱਦੇਨਜ਼ਰ, ਦੱਖਣੀ ਇਜ਼ਰਾਈਲ ਵਿੱਚ ਅਲਰਟ ਸਾਇਰਨ ਵਜਾਇਆ ਗਿਆ ਅਤੇ ਆਇਰਨ ਡੋਮ ਨੂੰ ਸਰਗਰਮ ਕੀਤਾ ਗਿਆ। ਇਜ਼ਰਾਇਲੀ ਫੌਜ ਨੇ ਗਾਜ਼ਾ ਤੋਂ ਆਏ ਪੰਜ ਰਾਕੇਟ ਤਬਾਹ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਫੌਜ ਨੇ ਗਾਜ਼ਾ ਪੱਟੀ ਅਤੇ ਹਮਾਸ ਦੇ ਟਿਕਾਣਿਆਂ ‘ਤੇ ਫਿਰ ਤੋਂ ਹਵਾਈ ਹਮਲੇ ਕੀਤੇ।