Punjabi University

ਵਿਦਿਆਰਥਣ ਦੇ ਮੌਤ ਮਾਮਲੇ ਦੀ 21 ਦਿਨਾਂ ’ਚ ਪੂਰੀ ਹੋਵੇਗੀ ਪੜਤਾਲ, ਯੂਨੀਵਰਸਿਟੀ ‘ਚ ਪ੍ਰੋ. ਸੁਰਜੀਤ ਦੇ ਦਾਖ਼ਲੇ ’ਤੇ ਪਾਬੰਦੀ

ਪਟਿਆਲਾ ,19 ਸਤੰਬਰ 2023: ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ (Punjabi University) ਵਿੱਚ ਵਿਦਿਆਰਥੀਆਂ ਦਾ ਚੱਲ ਰਿਹਾ ਧਰਨਾ ਸਮਾਪਤ ਹੋ ਗਿਆ। 21 ਦਿਨ ਦੇ ਅੰਦਰ 2 ਮੈਂਬਰੀ ਕਮੇਟੀ ਜਾਂਚ ਕਰਕੇ ਪ੍ਰਸ਼ਾਸਨ ਨੂੰ ਰਿਪੋਰਟ ਸੌਂਪਣਗੇ। ਸੇਵਾ ਮੁਕਤ ਜੱਜ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਡਾ. ਹਰਸ਼ਿੰਦਰ ਕੌਰ ਨੂੰ ਵੀ ਪੜਤਾਲੀਆ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਕਮੇਟੀ ਵੱਲੋਂ 21 ਦਿਨਾਂ ਦੌਰਾਨ ਵਿਦਿਆਰਥਣਾਂ ਵੱਲੋਂ ਮਿਲਣ ਵਾਲੀਆਂ ਹੋਰ ਸ਼ਿਕਾਇਤਾਂ ਦੀ ਪੜਤਾਲ ਵੀ ਨਾਲ ਦੀ ਨਾਲ ਕੀਤੀ ਜਾਵੇਗੀ। ਇਸ ਪੜਤਾਲੀਆ ਸਮੇਂ ਦੌਰਾਨ ਪ੍ਰੋ. ਸੁਰਜੀਤ ਸਿੰਘ ਦੇ ਕੈਂਪਸ ਵਿਚ ਦਾਖਲ ਹੋਣ ’ਤੇ ਪਾਬੰਦੀ ਹੋਵੇਗੀ।

ਮਿਲੀ ਜਾਣਕਾਰੀ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ। ਇਹ ਫੈਸਲਾ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐੱਸਐੱਸਪੀ ਵਰੁਣ ਸ਼ਰਮਾ ਵੱਲੋਂ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ, ਲੋਕ ਆਗੂ ਲੱਖਾ ਸਿਧਾਣਾ ਤੇ ਵਿਦਿਆਰਥੀ ਜਥੇਬੰਦੀਆਂ ਦੇ ਵਫਦ ਨਾਲ ਹੋਈ ਬੈਠਕ ਦੌਰਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸਵੇਰੇ ਸ਼ੁਰੂ ਕੀਤਾ ਧਰਨਾ ਬਾਅਦ ਦੁਪਹਿਰ ਖਤਮ ਕਰ ਦਿੱਤਾ। ਜਿਕਰਯੋਗ ਹੈ ਕਿ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ ਬਠਿੰਡਾ ਦੀ ਰਹਿਣ ਵਾਲੀ ਜਸ਼ਨਪ੍ਰੀਤ ਕੌਰ (18) ਦੀ ਮੌਤ ਹੋ ਗਈ ਸੀ।

ਪਰਿਵਾਰ ਨੇ ਪ੍ਰੋਫੈਸਰ ਸੁਰਜੀਤ ਸਿੰਘ ‘ਤੇ ਵਿਦਿਆਰਥਣ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਸਨ । ਇਸ ਤੋਂ ਬਾਅਦ ਵਿਦਿਆਰਥੀਆਂ ਵਿੱਚ ਪ੍ਰੋਫੈਸਰ ਦੇ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਧਰਨੇ ਦੌਰਾਨ ਪ੍ਰੋਫੈਸਰ ਨਾਲ ਧੱਕਾਮੁੱਕੀ ਵੀ ਕੀਤੀ ਸੀ। ਇਸ ਕਾਰਨ ਯੂਨੀਵਰਸਿਟੀ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ ਸੀ।

ਇਸਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ (Punjabi University) ਵਿੱਚ ਪ੍ਰੋਫੈਸਰ ਨਾਲ ਕੁੱਟਮਾਰ ਮਾਮਲੇ ਵਿੱਚ ਪੁਲਿਸ ਨੇ ਵਿਦਿਆਰਥੀ ਆਗੂ ਯਾਦਵਿੰਦਰ ਸਿੰਘ ਯਾਦੂ, ਗੈਵੀ ਅਤੇ ਮਨਿੰਦਰ ਸਿੰਘ ਵੜੈਚ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਕੇਸ ਰੱਦ ਕਰਵਾਉਣ ਲਈ ਵਿਦਿਆਰਥੀ ਜਥੇਬੰਦੀਆਂ ਵੱਲੋਂ ਸੋਮਵਾਰ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਸੀ।

ਇਸਦੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਵੀਡਿਓ ਜਾਰੀ ਕਰ ਕੇ ਸਰਕਾਰ ਪੱਧਰ ’ਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ । ਜਥੇਦਾਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਉੱਚ-ਪੱਧਰੀ ਤੇ ਨਿਰਪੱਖ ਜਾਂਚ ਕਰਵਾਏ ਅਤੇ ਦੋਸ਼ੀ ਪਾਏ ਜਾਣ ਵਾਲੇ ਅਧਿਆਪਕ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

 

 

Scroll to Top