July 4, 2024 7:13 pm
ਉਦਯੋਗ ਵਿਭਾਗ ਨੇ PSIEC

ਉਦਯੋਗ ਵਿਭਾਗ ਨੇ ਪੀ.ਐਸ.ਆਈ.ਈ.ਸੀ. ਦੀਆਂ ਪੱਖਪਾਤੀ ਦੇ ਦੋਸ਼ਪੂਰਨ ਰਿਪੋਰਟਾਂ ਨੂੰ ਬੇਬੁਨਿਆਦ ਅਤੇ ਤੱਥਾਂ ਤੋਂ ਸੱਖਣੇ ਦੱਸਿਆ

ਚੰਡੀਗੜ, 18 ਅਗਸਤ 2021 : ਉਦਯੋਗ ਅਤੇ ਵਣਜ ਵਿਭਾਗ ਦੇ ਬੁਲਾਰੇ ਨੇ ਮੀਡੀਆ ਦੇ ਇੱਕ ਹਿੱਸੇ ਵਲੋਂ ਪ੍ਰਚਾਰੀਆਂ ਜਾ ਰਹੀਆਂ ਪੱਖਪਾਤ ਸਬੰਧੀ ਰਿਪੋਰਟਾਂ ਨੂੰ ਪੂਰੀ ਤਰਾਂ ਬੇਬੁਨਿਆਦ ਅਤੇ ਤੱਥਾਂ ਤੋਂ ਸੱਖਣੀਆਂ ਦੱਸਿਆ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਮੈਸਰਜ਼ ਗੁਲਮੋਹਰ ਟਾਊਨਸ਼ਿਪ ਇੰਡੀਆ ਪ੍ਰਾਈਵੇਟ ਲਿਮਟਡ ਨੂੰ ਕੋਈ ਅਣਉਚਿਤ ਲਾਭ ਨਹੀਂ ਦਿੱਤਾ ਗਿਆ ਹੈ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ.) ਨੂੰ ਕੋਈ ਵਿੱਤੀ ਘਾਟਾ ਨਹੀਂ ਹੋਇਆ ਹੈ |

ਬੁਲਾਰੇ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ (ਪੀ.ਐਸ.ਆਈ.ਡੀ.ਸੀ) ਨੇ 25 ਏਕੜ ਦੇ ਰਕਬੇ ਵਾਲੇ ਪਲਾਟ ਨੰਬਰ 1, ਫੇਜ-9 , ਮੋਹਾਲੀ ਨੂੰ ਸਾਲ 1984 ਵਿੱਚ ਫ੍ਰੀਹੋਲਡ ਪ੍ਰਾਪਰਟੀ ਵਜੋਂ ਵੇਚਿਆ ਸੀ ਅਤੇ 1987 ਵਿੱਚ ਪੀ.ਐਸ.ਆਈ.ਡੀ.ਸੀ. ਅਤੇ ਮੈਸਰਜ਼ ਪੰਜਾਬ ਆਨੰਦ ਲੈਬਜ਼ ਇੰਡਸਟਰੀਜ਼ ਲਿਮਟਿਡ ਵਿਚਕਾਰ ਸੇਲ ਡੀਡ ਕੀਤੀ ਗਈ ਸੀ। ਇਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਅਤੇ ਕਾਨੂੰਨ ਦੀ ਬਣਦੀ ਪ੍ਰਕਿਰਿਆ ਮੁਤਾਬਕ, ਉਕਤ ਪਲਾਟ ਨੂੰ ਮੈਸਰਜ਼ ਸਿਗਨੀਫਾਈ ਇਨੋਵੇਸ਼ਨਜ ਇੰਡੀਆ ਲਿਮਟਿਡ ਦੇ ਨਾਮ ਤੇ ਤਬਦੀਲ ਕਰ ਦਿੱਤਾ ਗਿਆ ਸੀ।

ਮੈਸਰਜ ਸਿਗਨੀਫਾਈ ਇਨੋਵੇਸ਼ਨਜ ਇੰਡੀਆ ਲਿਮਟਿਡ ਨੇ ਮੈਸਰਜ ਗੁਲਮੋਹਰ ਟਾਊਨਸ਼ਿਪ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਇਹ ਫਰੀਹੋਲਡ ਸੰਪਤੀ ਵੇਚਣ ਲਈ ਪੀ.ਐਸ.ਆਈ.ਡੀ.ਸੀ. ਨੂੰ ਨਵੰਬਰ 2020 ਵਿੱਚ ਗ਼ੈਰ-ਇਤਰਾਜ਼ੀ ਸਰਟੀਫਿਕੇਟ (ਐਨ.ਓ.ਸੀ) ਪ੍ਰਾਪਤ ਕਰਨ ਲਈ ਅਰਜੀ ਦਿੱਤੀ। ਪੀਐਸਆਈਡੀਸੀ ਨੇ ਬਣਦੀ ਪ੍ਰਕਿਰਿਆ ਅਨੁਸਾਰ ਮੈਸਰਜ ਗੁਲਮੋਹਰ ਟਾਊਨਸ਼ਿਪ ਇੰਡੀਆ ਪ੍ਰਾਈਵੇਟ ਲਿਮਟਡ ਦੇ ਹੱਕ ਵਿੱਚ ਫਰੀ ਹੋਲਡ ਪਲਾਟ ਦੀ ਵਿਕਰੀ ਦੀ ਰਜਿਸਟਰੇਸ਼ਨ ਲਈ ਮੈਸਰਜ ਸਿਗਨੀਫਾਈ ਇਨੋਵੇਸ਼ਨਜ ਇੰਡੀਆ ਲਿਮਟਿਡ ਨੂੰ ਐਨ.ਓ.ਸੀ ਜਾਰੀ ਕੀਤਾ ਸੀ।

ਇਸ ਤੋਂ ਬਾਅਦ 25.02.2021 ਨੂੰ ਸਬ-ਰਜਿਸਟਰਾਰ, ਮੁਹਾਲੀ ਦੇ ਦਫਤਰ ਵਿੱਚ ਇਸ ਪਲਾਟ ਦੀ ਸੇਲ ਡੀਡ ਮੈਸਰਜ ਗੁਲਮੋਹਰ ਟਾਊਨਸਿਪ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ ਸਿਗਨੀਫਾਈ ਇਨੋਵੇਸ਼ਨਜ ਇੰਡੀਆ ਲਿਮਟਡ ਦੇ ਵਿਚਕਾਰ ਹੋਈ ਸੀ। ਇਸ ਦੌਰਾਨ ਮਾਰਚ 2021 ਦੇ ਮਹੀਨੇ ਵਿੱਚ ਪੀ.ਐਸ.ਆਈ.ਡੀ.ਸੀ. ਪਲਾਟਾਂ ਦੇ ਅਸਟੇਟ ਪ੍ਰਬੰਧਨ ਦਾ ਕੰਮ ਪੀ.ਐਸ.ਆਈ.ਈ.ਸੀ. ਕੋਲ ਤਬਦੀਲ ਕਰ ਦਿੱਤਾ ਗਿਆ ਸੀ। ਮੈਸਰਜ ਗੁਲਮੋਹਰ ਟਾਊਨਸ਼ਿਪ ਇੰਡੀਆ ਪ੍ਰਾਈਵੇਟ ਲਿਮਟਿਡ ਨੇ 02.03.2021 ਨੂੰ ਪੀ.ਐਸ.ਆਈ.ਈ.ਸੀ. ਨੂੰ ਮਾਲਕੀ ਦੇ ਰਿਕਾਰਡ ਵਿੱਚ ਤਬਾਦਲੇ ਸਬੰਧੀ ਅਰਜੀ ਦਿੱਤੀ ।

ਸਾਰੀਆਂ ਲਾਗੂ ਸ਼ਰਤਾਂ ਅਤੇ ਫੀਸ ਦੇ ਭੁਗਤਾਨ ਤੋਂ ਬਾਅਦ, ਪੀ.ਐਸ.ਆਈ.ਈ.ਸੀ. ਨੇ 30/12/2010 ਨੂੰ ਬੋਰਡ ਆਫ ਡਾਇਰੈਕਟਰਜ਼ ਵਲੋਂ ਦਿੱਤੇ ਪਾਲਿਸੀ ਡਿਸੀਜ਼ਨ ਤਹਿਤ ਫ੍ਰੀਹੋਲਡ ਸੰਪਤੀ ਦੀ ਮਾਲਕੀ ਨੂੰ ਮੈਸਰਜ ਗੁਲਮੋਹਰ ਟਾਊਨਸ਼ਿਪ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਮੈਸਰਜ ਗੁਲਮੋਹਰ ਟਾਊਨਸ਼ਿਪ ਇੰਡੀਆ ਪ੍ਰਾਇਵੇਟ ਲਿਮਟਡ ਨੇ ਪੀਐਸਆਈਈਸੀ ਨੂੰ ਪੂਰੇ ਪੰਜਾਬ ਵਿੱਚ ਲਾਗੂ ਪੀਐਸਆਈਈਸੀ ਦੀ ਮਿਆਰੀ ਨੀਤੀ ਅਨੁਸਾਰ 25 ਏਕੜ ਦੇ ਪਲਾਟ ਨੂੰ 125 ਹਿੱਸਿਆਂ/ ਪਲਾਟਾਂ ਵਿੱਚ ਵੰਡਣ ਲਈ ਅਰਜੀ ਦਿੱਤੀ ।

ਇਸ ਅਨੁਸਾਰ ਪੀਐਸਆਈਈਸੀ ਨੇ 24.03.2021 ਨੂੰ ਮੈਸਰਜ ਗੁਲਮੋਹਰ ਟਾਊਨਸ਼ਿਪ ਇੰਡੀਆ ਪ੍ਰਾਈਵੇਟ ਲਿਮਟਡ ਨੂੰ ਬੋਰਡ ਆਫ ਡਾਇਰੈਕਟਰਜ਼ ਦੁਆਰਾ ਨਿਰਧਾਰਤ ਨੀਤੀ,ਜਿਸਦੀ ਪੰਜਾਬ ਰਾਜ ਦੇ ਵੱਖ -ਵੱਖ ਫੋਕਲ ਪੁਆਇੰਟਾਂ ਵਿੱਚ 08.02.2005 ਤੋਂ ਨਿਰੰਤਰ ਪਾਲਣਾ ਜਾ ਰਹੀ ਹੈ, ਅਨੁਸਾਰ ਉਕਤ ਪਲਾਟ ਦੇ ਟੁਕੜੇ ਕਰਨ /ਵੰਡਣ ਦੀ ਆਗਿਆ ਦੇ ਦਿੱਤੀ। ਪਲਾਟ ਦੀ ਵੰਡ ਸਬੰਧੀ ਪ੍ਰਵਾਨਗੀ ਲਾਗੂ ਸ਼ਰਤਾਂ ਪੂਰੀਆਂ ਕਰਨ ਅਤੇ ਲੋੜੀਂਦੀ ਫੀਸ ਦੇ ਭੁਗਤਾਨ ਤੋਂ ਬਾਅਦ ਹੀ ਦਿੱਤੀ ਗਈ ਹੈ ਅਤੇ ਬਿਨੈਕਾਰ ਨੂੰ ਕੋਈ ਅਣਉਚਿਤ ਲਾਭ ਨਹੀਂ ਦਿੱਤਾ ਗਿਆ ਹੈ।