ਚੰਡੀਗੜ੍ਹ, 06 ਜਨਵਰੀ 2024: ਭਾਰਤੀ ਜਲ ਸੈਨਾ (Indian Navy) ਨੇ ਬਹਾਦਰੀ ਦੀ ਇੱਕ ਹੋਰ ਮਿਸਾਲ ਕਾਇਮ ਕੀਤੀ ਹੈ। ਉਸ ਨੇ ਸ਼ੁੱਕਰਵਾਰ ਨੂੰ ਉੱਤਰੀ ਅਰਬ ਸਾਗਰ ‘ਚ ਹਾਈਜੈਕ ਕੀਤੇ ਗਏ ਕਾਰਗੋ ਜਹਾਜ਼ ‘ਐਮਵੀ ਲੀਲਾ ਨਾਰਫੋਕ’ ‘ਤੇ ਸਮੁੰਦਰੀ ਡਾਕੂਆਂ ਦੇ ਚੁੰਗਲ ‘ਚ ਫਸੇ ਸਾਰੇ 21 ਜਣਿਆਂ ਨੂੰ ਬਚਾ ਲਿਆ। ਇਨ੍ਹਾਂ ਵਿਚ 15 ਭਾਰਤੀ ਵੀ ਸ਼ਾਮਲ ਹਨ। ਜਹਾਜ਼ ‘ਚ ਸਵਾਰ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਮਰੀਨ ਕਮਾਂਡੋ ਜਾਂਚ ਕਰ ਰਹੇ ਹਨ। ਨੇਵੀ ਨੇ ਇਸ ਪੂਰੀ ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਹਨ। ਵੀਡੀਓ ‘ਚ ਕਮਾਂਡੋ ਜਹਾਜ਼ ‘ਚ ਜਾ ਕੇ ਆਪਰੇਸ਼ਨ ਕਰਦੇ ਨਜ਼ਰ ਆ ਰਹੇ ਹਨ।
ਜਲ ਸੈਨਾ (Indian Navy) ਦੇ ਮਾਰਕੋਸ ਕਮਾਂਡੋ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਜਹਾਜ਼ ‘ਤੇ ਪੰਜ ਤੋਂ ਛੇ ਹਥਿਆਰਬੰਦ ਬੰਦੇ ਸਵਾਰ ਸਨ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਹਾਜ਼ ਦਾ ਪਤਾ ਲਗਾਉਣ ਲਈ ਇਕ ਜੰਗੀ ਬੇੜਾ, ਸਮੁੰਦਰੀ ਗਸ਼ਤੀ ਜਹਾਜ਼ ਪੀ-8ਆਈ ਅਤੇ ਲੰਬੀ ਦੂਰੀ ਦੇ ‘ਪ੍ਰੀਡੇਟਰ ਐਮਕਿਊ9ਬੀ ਡਰੋਨ’ ਨੂੰ ਤੁਰੰਤ ਤਾਇਨਾਤ ਕੀਤਾ ਗਿਆ ਸੀ। ਆਈਐਨਐਸ ਚੇਨਈ ਨੇ ਸ਼ੁੱਕਰਵਾਰ ਦੁਪਹਿਰ ਕਰੀਬ 3:15 ਵਜੇ ਅਰਬ ਸਾਗਰ ਵਿੱਚ ਸੋਮਾਲੀਆ ਦੇ ਤੱਟ ਨੇੜੇ ਹਾਈਜੈਕ ਕੀਤੇ ਜਹਾਜ਼ ਨੂੰ ਘੇਰ ਲਿਆ।
ਕਮਾਂਡੋ ਨੇ ਕਿਹਾ ਕਿ ਸੈਨਿਕਾਂ ਨੇ ਜਹਾਜ਼ ਨੂੰ ਘੇਰ ਲਿਆ ਅਤੇ ਸਮੁੰਦਰੀ ਡਾਕੂਆਂ ਨੂੰ ਜਹਾਜ਼ ਨੂੰ ਛੱਡਣ ਦੀ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਭਾਰਤੀ ਜਲ ਸੈਨਾ ਦੇ ਮਾਰਕੋਸ ਕਮਾਂਡੋ ਅਗਵਾ ਕੀਤੇ ਜਹਾਜ਼ ‘ਤੇ ਉਤਰੇ ਅਤੇ ਉਸ ਦੀ ਤਲਾਸ਼ੀ ਲਈ ਤਾਂ ਪਤਾ ਲੱਗਾ ਕਿ ਉੱਥੇ ਕੋਈ ਸਮੁੰਦਰੀ ਡਾਕੂ ਮੌਜੂਦ ਨਹੀਂ ਸੀ। ਅਜਿਹੇ ‘ਚ ਜਾਪਦਾ ਹੈ ਕਿ ਜਦੋਂ ਉਨ੍ਹਾਂ ਨੇ ਵੱਡੀ ਗਿਣਤੀ ‘ਚ ਫੌਜੀਆਂ ਨੂੰ ਦੇਖਿਆ ਤਾਂ ਡਰ ਦੇ ਮਾਰੇ ਉਥੋਂ ਭੱਜ ਗਏ।
ਇਸ ਸਮੇਂ ਭਾਰਤੀ ਜਲ ਸੈਨਾ ਦਾ ਜੰਗੀ ਬੇੜਾ ਆਈਐਨਐਸ ਚੇਨਈ ਨਾਰਫੋਕ ਦੇ ਕੋਲ ਕਾਰਗੋ ਜਹਾਜ਼ ਐਮਵੀ ਲੀਲਾ ਦੇ ਨਾਲ ਮੌਜੂਦ ਹੈ। ਜਹਾਜ਼ ਨੂੰ ਅਗਲੀ ਬੰਦਰਗਾਹ ‘ਤੇ ਆਪਣੀ ਯਾਤਰਾ ਸ਼ੁਰੂ ਕਰਨ ਵਿੱਚ ਮੱਦਦ ਕਰਨ ਲਈ ਬਿਜਲੀ ਉਤਪਾਦਨ ਅਤੇ ਨੇਵੀਗੇਸ਼ਨ ਪ੍ਰਣਾਲੀਆਂ ‘ਤੇ ਬਹਾਲ ਕੀਤਾ ਜਾ ਰਿਹਾ ਹੈ।
ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਨੇ ਲਾਲ ਸਾਗਰ ‘ਚ ਹੂਤੀ ਬਾਗੀਆਂ ਵੱਲੋਂ ਮਾਲਵਾਹਕ ਜਹਾਜ਼ਾਂ ‘ਤੇ ਹਮਲੇ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਸਮੁੰਦਰੀ ਡਾਕੂਆਂ ਦਾ ਮੁੜ ਸਰਗਰਮ ਹੋਣਾ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਵਰਨਣਯੋਗ ਹੈ ਕਿ 2017 ਵਿੱਚ ਅੰਤਰਰਾਸ਼ਟਰੀ ਭਾਈਵਾਲੀ ਵਿੱਚ ਕਈ ਦੇਸ਼ਾਂ ਦੀਆਂ ਜਲ ਸੈਨਾਵਾਂ ਦੁਆਰਾ ਇੱਕ ਵਿਸ਼ੇਸ਼ ਅਭਿਆਨ ਨੇ ਇਨ੍ਹਾਂ ਲੁਟੇਰਿਆਂ ਨੂੰ ਲਗਭਗ ਖਤਮ ਕਰ ਦਿੱਤਾ ਸੀ।