ਚੰਡੀਗੜ੍ਹ, 1 ਜਨਵਰੀ 2024: ਭਾਰਤ ਸਰਕਾਰ ਨੇ ਬਦਮਾਸ਼ ਲਾਰੈਂਸ ਬਿਸ਼ਨੋਈ ਦੇ ਸਾਥੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ (Goldi Brar) ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਪੁਲਿਸ ਅਤੇ ਏਜੰਸੀਆਂ ਮੁਤਾਬਕ ਗੋਲਡੀ ਬਰਾੜ ਪੰਜਾਬ ਵਿੱਚ ਸਰਹੱਦ ਪਾਰ ਤੋਂ ਟਾਰਗੇਟ ਕਿਲਿੰਗ, ਜਬਰਨ ਵਸੂਲੀ ਦੇ ਨਾਲ-ਨਾਲ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਹੈ।
29 ਮਈ 2022 ਨੂੰ ਕੈਨੇਡਾ ‘ਚ ਬੈਠੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੋਲਡੀ ਬਰਾੜ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਅੱਤਵਾਦੀ ਐਲਾਨਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਸੋਮਵਾਰ ਨੂੰ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ 30 ਦਸੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸੇ ਐਕਟ ਤਹਿਤ ਵਿਦੇਸ਼ ਬੈਠੇ ਪੰਜਾਬ ਦੇ ਬਦਮਾਸ਼ ਲਖਬੀਰ ਸਿੰਘ ਲੰਡਾ ਨੂੰ ਅੱਤਵਾਦੀ ਐਲਾਨਿਆ ਸੀ।
ਕੈਨੇਡਾ ਵਿੱਚ ਬੈਠ ਕੇ ਗੋਲਡੀ ਬਰਾੜ (Goldi Brar) ਹੁਣ ਤੱਕ ਪੰਜਾਬ, ਹਰਿਆਣਾ, ਹਿਮਾਚਲ, ਐਨਸੀਆਰ ਅਤੇ ਰਾਜਸਥਾਨ ਵਿੱਚ ਲਾਰੈਂਸ ਦਾ ਨੈੱਟਵਰਕ ਚਲਾ ਰਿਹਾ ਸੀ। ਲਾਰੈਂਸ ਦੇ ਜੇਲ੍ਹ ਵਿੱਚ ਹੋਣ ਤੋਂ ਬਾਅਦ ਉਸ ਨੇ ਗੈਂਗ ਨੂੰ ਮਜ਼ਬੂਤ ਕੀਤਾ। ਜਿਸ ਤੋਂ ਬਾਅਦ ਗੋਲਡੀ ਦਾ ਨਾਂ ਫਿਰੌਤੀ, ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ‘ਚ ਸਾਹਮਣੇ ਆਉਣ ਲੱਗਾ। ਇਸ ਦੇ ਨਾਲ ਹੀ ਗੋਲਡੀ ਨੇ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਚੇਨ ਬਣਾਉਣੀ ਸ਼ੁਰੂ ਕਰ ਦਿੱਤੀ। ਹਾਲ ਹੀ ਵਿੱਚ ਗੋਲਡੀ ਦੇ ਕਈ ਸਾਥੀ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਫੜੇ ਗਏ ਸਨ, ਜੋ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ।