ਚੰਡੀਗੜ੍ਹ, 25 ਮਈ 2024: ਅਗਲੇ ਮਹੀਨੇ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਭਾਰਤੀ ਕ੍ਰਿਕਟ ਟੀਮ ਦਾ ਪਹਿਲਾ ਬੈਚ ਸ਼ਨੀਵਾਰ ਰਾਤ ਨਿਊਯਾਰਕ ਲਈ ਰਵਾਨਾ ਹੋਇਆ।
ਰੋਹਿਤ ਦੇ ਨਾਲ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਵੀ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਇਨ੍ਹਾਂ ਤੋਂ ਇਲਾਵਾ ਹਰਫਨਮੌਲਾ ਰਵਿੰਦਰ ਜਡੇਜਾ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸੂਰਿਆਕੁਮਾਰ ਯਾਦਵ ਸਮੇਤ ਸਪੋਰਟ ਸਟਾਫ ਦੇ ਮੈਂਬਰ ਵੀ ਪਹਿਲੇ ਬੈਚ ਨਾਲ ਰਵਾਨਾ ਹੋਏ।
ਭਾਰਤੀ ਟੀਮ 5 ਜੂਨ ਨੂੰ ਆਇਰਲੈਂਡ ਖ਼ਿਲਾਫ਼ ਟੀ-20 ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤੀ ਟੀਮ ਗਰੁੱਪ-ਏ ਵਿੱਚ ਸ਼ਾਮਲ ਹੈ ਜਿਸ ਵਿੱਚ ਸਹਿ ਮੇਜ਼ਬਾਨ ਅਮਰੀਕਾ, ਕੈਨੇਡਾ ਅਤੇ ਪਾਕਿਸਤਾਨ ਦੀਆਂ ਟੀਮਾਂ ਵੀ ਮੌਜੂਦ ਹਨ। ਨਿਊਯਾਰਕ ‘ਚ 9 ਜੂਨ ਨੂੰ ਗਰੁੱਪ ਗੇੜ ‘ਚ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ। ਭਾਰਤੀ ਟੀਮ ਨੇ ਇਸ ਗਲੋਬਲ ਟੂਰਨਾਮੈਂਟ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ, ਜਦਕਿ ਸ਼ੁਭਮਨ ਗਿੱਲ, ਰਿਕੁਨ ਸਿੰਘ, ਖਲੀਲ ਅਹਿਮਦ ਅਤੇ ਅਵੇਸ਼ ਖਾਨ ਰਿਜ਼ਰਵ ਖਿਡਾਰੀਆਂ ਦੇ ਤੌਰ ‘ਤੇ ਟੀਮ ‘ਚ ਸ਼ਾਮਲ ਹੋਣਗੇ।