ਚੰਡੀਗੜ੍ਹ, 6 ਮਈ 2024: ਆਸਟ੍ਰੇਲੀਆ (Australia) ਵਿੱਚ ਇੱਕ ਭਾਰਤੀ ਵਿਦਿਆਰਥੀ ਦਾ ਚਾਕੂ ਮਾਰ ਕੇ ਮਾਰ ਦੇਣ ਦੀ ਖ਼ਬਰ ਹੈ। ਮ੍ਰਿਤਕ ਵਿਦਿਆਰਥੀ ਦੇ ਚਾਚੇ ਨੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਦੌਰਾਨ ਉਸ ਦਾ ਭਤੀਜਾ ਮਾਰਿਆ ਗਿਆ । ਮੈਲਬੌਰਨ ‘ਚ ਸ਼ਨੀਵਾਰ ਸਵੇਰੇ 9 ਵਜੇ ਹੋਏ ਝਗੜੇ ‘ਚ ਇਕ ਹੋਰ ਵਿਦਿਆਰਥੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਵਿਦਿਆਰਥੀ ਦਾ ਨਾਂ ਨਵਜੀਤ ਸੰਧੂ ਸੀ, ਜੋ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਸੀ। ਵਿਦਿਆਰਥੀ ਦੇ ਚਾਚਾ ਯਸ਼ਵੀਰ ਅਨੁਸਾਰ ਕਿਰਾਏ ਨੂੰ ਲੈ ਕੇ ਕੁਝ ਵਿਦਿਆਰਥੀਆਂ ਵਿਚਾਲੇ ਝਗੜਾ ਚੱਲ ਰਿਹਾ ਸੀ। ਇਸ ਦੌਰਾਨ ਜਦੋਂ ਨਵਜੀਤ ਝਗੜਾ ਸੁਲਝਾਉਣ ਗਿਆ ਤਾਂ ਉਸ ‘ਤੇ ਹਮਲਾ ਕਰ ਦਿੱਤਾ ਗਿਆ।
ਯਸ਼ਵੀਰ ਨੇ ਦੱਸਿਆ ਕਿ ਨਵਜੀਤ ਆਪਣੇ ਦੋਸਤ ਨਾਲ ਘਰੋਂ ਕੁਝ ਸਾਮਾਨ ਲੈਣ ਗਿਆ ਸੀ ਕਿਉਂਕਿ ਉਸ ਕੋਲ ਕਾਰ ਸੀ। ਜਦੋਂ ਉਹ ਘਰ ਦੀ ਬਾਰ ‘ਤੇ ਆਪਣੇ ਦੋਸਤ ਦੀ ਉਡੀਕ ਕਰ ਰਿਹਾ ਸੀ ਤਾਂ ਉਸ ਨੇ ਘਰ ਦੇ ਅੰਦਰੋਂ ਰੌਲਾ ਸੁਣਿਆ। ਜਦੋਂ ਨਵਜੀਤ ਨੇ ਘਰ ਵਿੱਚ ਵੜ ਕੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ’ਤੇ ਚਾਕੂ ਨਾਲ ਵਾਰ ਕਰ ਦਿੱਤਾ। ਇਸ ਤੋਂ ਬਾਅਦ ਨਵਜੀਤ ਦੀ ਮੌਤ ਹੋ ਗਈ। ਹਸਪਤਾਲ ਵਿੱਚ ਦਾਖ਼ਲ ਨਵਜੀਤ ਦਾ ਸਾਥੀ ਵੀ ਕਰਨਾਲ ਦਾ ਰਹਿਣ ਵਾਲਾ ਸੀ।
ਯਸ਼ਵੀਰ ਨੇ ਦੱਸਿਆ ਕਿ ਐਤਵਾਰ ਸਵੇਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਉਸਨੇ ਅੱਗੇ ਦੱਸਿਆ ਕਿ ਨਵਜੀਤ ਜੁਲਾਈ ਮਹੀਨੇ ਦੀਆਂ ਛੁੱਟੀਆਂ ‘ਤੇ ਘਰ ਆਉਣਾ ਸੀ ਪਰ ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਨਵਜੀਤ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਆਸਟ੍ਰੇਲੀਆ (Australia) ਆਇਆ ਸੀ। ਉਸ ਦੇ ਕਿਸਾਨ ਪਿਓ ਨੇ ਆਪਣੇ ਪੁੱਤ ਦੀ ਪੜ੍ਹਾਈ ਲਈ ਡੇਢ ਏਕੜ ਜ਼ਮੀਨ ਵੇਚ ਦਿੱਤੀ ਸੀ। ਪਰਿਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵਜੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਮੱਦਦ ਕੀਤੀ ਜਾਵੇ।