ਚੰਡੀਗੜ੍ਹ, 01 ਅਗਸਤ 2023: ਮਣੀਪੁਰ (Manipur) ਹਿੰਸਾ ਮਾਮਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਜਾਤੀ ਹਿੰਸਾ ਭੜਕਣ ਤੋਂ ਬਾਅਦ 6,523 ਐਫਆਈਆਰ ਦਰਜ ਕੀਤੀਆਂ ਹਨ। ਹਾਲਾਂਕਿ ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸੂਬੇ ਦੀ ਪੁਲਿਸ ਕਾਨੂੰਨ ਵਿਵਸਥਾ ‘ਤੇ ਢਿੱਲੀ ਰਹੀ ਹੈ |
ਅਦਾਲਤ ਨੇ ਮਣੀਪੁਰ ਵਿੱਚ ਇੱਕ ਔਰਤ ਨੂੰ ਕਾਰ ਵਿੱਚੋਂ ਕੱਢ ਕੇ ਪੁੱਤ ਦੇ ਸਾਹਮਣੇ ਮਾਰ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ 4 ਮਈ ਨੂੰ ਹੋਇਆ ਸੀ, ਪਰ ਮਾਮਲੇ ਵਿੱਚ ਐਫਆਈਆਰ 7 ਜੁਲਾਈ ਨੂੰ ਦਰਜ ਕੀਤੀ ਗਈ ਸੀ। ਚੀਫ਼ ਜਸਟਿਸ ਚੰਦਰਚੂੜ ਨੇ ਮਣੀਪੁਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਿਰਫ਼ ਇੱਕ ਜਾਂ ਦੋ ਐਫਆਈਆਰ ਤੋਂ ਇਲਾਵਾ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਜਾਂਚ ਵੀ ਢਿੱਲੀ ਰਹੀ। ਦੋ ਮਹੀਨਿਆਂ ਬਾਅਦ ਐਫਆਈਆਰ ਦਰਜ ਕੀਤੀ ਗਈ ਅਤੇ ਬਿਆਨ ਵੀ ਦਰਜ ਨਹੀਂ ਕੀਤੇ ਗਏ।
ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਜਾਤੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ 6,523 ਐਫਆਈਆਰ ਦਰਜ ਕੀਤੀਆਂ ਹਨ। ਰਾਜ ਪੁਲਿਸ ਨੇ 5 ਮਈ ਨੂੰ ਹੀ ਔਰਤਾਂ ਦੇ ਕੱਪੜੇ ਉਤਾਰਨ ਦੇ ਮਾਮਲੇ ਵਿੱਚ ਜ਼ੀਰੋ ਐਫਆਈਆਰ ਦਰਜ ਕੀਤੀ ਸੀ। ਇਸ ਮਾਮਲੇ ‘ਚ ਇਕ ਨਾਬਾਲਗ ਸਮੇਤ 7 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਾਲਿਸਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਪੁਲਿਸ ਨੇ ਔਰਤਾਂ ਦੇ ਬਿਆਨ ਦਰਜ ਕੀਤੇ ਹਨ ਜਦੋਂ ਉਨ੍ਹਾਂ ਦੀ ਨਗਨ ਪਰੇਡ ਦੀ ਵੀਡੀਓ ਸਾਹਮਣੇ ਆਈ ।
ਅਦਾਲਤ ਨੇ ਪੁੱਛਿਆ ਕਿ ਐਫਆਈਆਰ ਵਿੱਚ ਕਿੰਨੇ ਮੁਲਜ਼ਮਾਂ ਦੇ ਨਾਮ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੀ ਕਾਰਵਾਈ ਕੀਤੀ ਗਈ। ਅਦਾਲਤ ਨੇ ਰਾਜ (Manipur) ਵਿੱਚ ਜਾਤੀ ਹਿੰਸਾ ਨਾਲ ਸਬੰਧਤ ਕਈ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਮਣੀਪੁਰ ਦੇ ਡੀਜੀਪੀ ਨੂੰ ਸੋਮਵਾਰ ਨੂੰ ਸੁਣਵਾਈ ਦੌਰਾਨ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ । ਅਦਾਲਤ ਨੇ ਮਣੀਪੁਰ ਵਿੱਚ ਔਰਤਾਂ ਦੀ ਨਗਨ ਪਰੇਡ ਦੀ ਘਟਨਾ ਅਤੇ ਘਟਨਾ ਦੇ ਦਰਜ ਹੋਣ ਦੀਆਂ ਤਰੀਖਾਂ, ਜ਼ੀਰੋ ਐਫਆਈਆਰ, ਨਿਯਮਤ ਐਫਆਈਆਰ ਦੇ ਵੇਰਵੇ ਮੰਗੇ।