ਚੰਡੀਗੜ੍ਹ, 20 ਫਰਵਰੀ 2023: ਗੁਜਰਾਤ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਗੋਧਰਾ ਕਾਂਡ (Godhra case) ਦੇ 11 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਯਤਨ ਕਰੇਗੀ। ਦੱਸ ਦੇਈਏ ਕਿ ਗੋਧਰਾ ਕਾਂਡ ਦੇ ਦੋਸ਼ੀਆਂ ਨੂੰ ਹੇਠਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਪਰ ਗੁਜਰਾਤ ਹਾਈ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ। ਸੁਪਰੀਮ ਕੋਰਟ ਗੋਧਰਾ ਕਾਂਡ ਦੇ ਕਈ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਹੈ।
ਸੁਣਵਾਈ ਦੌਰਾਨ ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਪੀਐਸ ਨਰਸਿਮਹਾ ਅਤੇ ਜਸਟਿਸ ਜੇਬੀ ਪਾਰਦੀਵਾਲਾ ਦੀ ਬੈਂਚ ਨੇ ਦੋਸ਼ੀਆਂ ਦੀ ਜ਼ਮਾਨਤ ’ਤੇ ਸੁਣਵਾਈ ਲਈ ਤਿੰਨ ਹਫ਼ਤਿਆਂ ਬਾਅਦ ਸਮਾਂ ਦਿੱਤਾ ਹੈ। ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਸਮੇਂ ਦੌਰਾਨ ਦੋਸ਼ੀਆਂ ਵੱਲੋਂ ਜੇਲ੍ਹ ਵਿੱਚ ਬਿਤਾਏ ਸਮੇਂ ਅਤੇ ਉਨ੍ਹਾਂ ਨੂੰ ਸੁਣਾਈ ਗਈ ਸਜ਼ਾ ਬਾਰੇ ਚਾਰਟ ਦਾਇਰ ਕਰਨ।
ਗੁਜਰਾਤ ਸਰਕਾਰ ਦੀ ਤਰਫੋਂ ਅਦਾਲਤ ‘ਚ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਫਾਂਸੀ ‘ਤੇ ਲਟਕਾਉਣ ਨੂੰ ਯਕੀਨੀ ਬਣਾਉਣ ਲਈ ਯਤਨ ਕਰਾਂਗੇ। ਇਸ ਸੰਗੀਨ ਮਾਮਲੇ (Godhra case) ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 59 ਜਣਿਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਟਰੇਨ ਦੀ ਬੋਗੀ ਨੂੰ ਬਾਹਰੋਂ ਬੰਦ ਕਰਕੇ ਅੱਗ ਲਗਾ ਦਿੱਤੀ ਗਈ। ਜਿਸ ਕਾਰਨ 59 ਜਣਿਆਂ ਦੀ ਮੌਤ ਹੋ ਗਈ।
ਗੋਧਰਾ ਕਾਂਡ ਵਿੱਚ ਹੇਠਲੀ ਅਦਾਲਤ ਨੇ 11 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ 20 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿੱਥੋਂ ਹਾਈਕੋਰਟ ਨੇ 11 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਗੁਜਰਾਤ ਸਰਕਾਰ ਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਗੋਧਰਾ ਕਾਂਡ ਦੇ ਦੋ ਦੋਸ਼ੀਆਂ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। 7 ਹੋਰ ਜ਼ਮਾਨਤ ਅਰਜ਼ੀਆਂ ਅਜੇ ਪੈਂਡਿੰਗ ਹਨ।
ਗੋਧਰਾ ਕਾਂਡ ਦੀ ਘਟਨਾ
ਜਿਕਰਯੋਗ ਹੈ ਕਿ 27 ਫਰਵਰੀ 2002 ਗੁਜਰਾਤ ਨੇ ਉਹ ਘਟਨਾ ਦੇਖੀ, ਜਿਸ ਨੇ ਹਰ ਹਿੰਦੂਸਤਾਨੀ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਦਰਅਸਲ ਇਸ ਦਿਨ ਗੁਜਰਾਤ ਦੇ ਗੋਧਰਾ ਸਟੇਸ਼ਨ ਤੋਂ ਰਵਾਨਾ ਹੋਈ ਸਾਬਰਮਤੀ ਐਕਸਪ੍ਰੈਸ ਟਰੇਨ ਨੂੰ ਭੀੜ ਨੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ । ਇਸ ਅਗਨੀਕਾਂਡ ’ਚ 59 ਜਣਿਆਂ ਦੀ ਮੌਤ ਹੋਈ ਸੀ ।
ਅਹਿਮਦਾਬਾਦ ਨੂੰ ਜਾਣ ਵਾਲੀ ਸਾਬਰਮਤੀ ਐਕਸਪ੍ਰੈੱਸ ਗੋਧਰਾ ਸਟੇਸ਼ਨ ਤੋਂ ਚੱਲੀ ਹੀ ਸੀ ਕਿ ਕਿਸੇ ਨੇ ਚੇਨ ਖਿੱਚ ਗੱਡੀ ਰੋਕ ਲਈ ਤੇ ਫਿਰ ਪਥਰਾਅ ਤੋਂ ਬਾਅਦ ਟਰੇਨ ਦੇ ਇਕ ਡਿੱਬੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਟਰੇਨ ’ਚ ਸਵਾਰ ਲੋਕ ਹਿੰਦੂ ਤੀਰਥਯਾਤਰੀ ਸਨ, ਜੋ ਅਯੋਧਿਆ ਤੋਂ ਵਾਪਸੀ ਕਰ ਰਹੇ ਸਨ। ਘਟਨਾ ਤੋਂ ਬਾਅਦ ਗੁਜਰਾਤ ’ਚ ਫਿਰਕਾਪ੍ਰਸਤੀ ਹਿੰਸਾ ਭੜਕ ਉੱਠੀ ਅਤੇ ਜਾਨਮਾਲ ਦਾ ਭਾਰੀ ਨੁਕਸਾਨ ਹੋਇਆ।ਹਾਲਾਤ ਇਸ ਕਦਰ ਵਿਗੜੇ ਕਿ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਜਨਤਾ ਤੋਂ ਸ਼ਾਂਤੀ ਦੀ ਅਪੀਲ ਕਰਨੀ ਪਈ।