Nirmala Sitharaman

India News: ਦੂਜੀ ਤਿਮਾਹੀ ‘ਚ 5.4 ਫੀਸਦੀ ਦੀ ਵਿਕਾਸ ਦਰ ਉਮੀਦ ਤੋਂ ਘੱਟ, ਛੇਤੀ ਹੋਵੇਗਾ ਸੁਧਾਰ: ਨਿਰਮਲਾ ਸੀਤਾਰਮਨ

ਚੰਡੀਗੜ੍ਹ, 17 ਦਸੰਬਰ 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਅੱਜ ਲੋਕ ਸਭਾ ‘ਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ‘ਚ ਦੇਸ਼ ਦੀ ਵਿਕਾਸ ਦਰ 5.4 ਫੀਸਦੀ ਰਹੀ। ਇਹ ਅੰਕੜਾ ਉਮੀਦ ਤੋਂ ਘੱਟ ਹੈ, ਪਰ ਆਉਣ ਵਾਲੀਆਂ ਤਿਮਾਹੀਆਂ ‘ਚ ਇਸ ‘ਚ ਸੁਧਾਰ ਹੋਵੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੂਜੀ ਤਿਮਾਹੀ ‘ਚ 5.4 ਫੀਸਦੀ ਦੀ ਜੀਡੀਪੀ ਵਿਕਾਸ ਦਰ ਦੀ ਉਮੀਦ ਤੋਂ ਘੱਟ ਹੋਣਾ ਇੱਕ “ਅਸਥਾਈ ਝਟਕਾ” ਹੈ ਅਤੇ ਆਉਣ ਵਾਲੀਆਂ ਤਿਮਾਹੀਆਂ ‘ਚ ਅਰਥਵਿਵਸਥਾ ‘ਚ ਚੰਗੀ ਵਿਕਾਸ ਦਰ ਦੇਖਣ ਨੂੰ ਮਿਲੇਗੀ।

ਲੋਕ ਸਭਾ ‘ਚ ਗ੍ਰਾਂਟਾਂ ਲਈ ਪੂਰਕ ਮੰਗਾਂ ਦੇ ਪਹਿਲੇ ਬੈਚ ‘ਤੇ ਬਹਿਸ ਦੇ ਜਵਾਬ ‘ਚ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਨੇ “ਸਥਿਰ ਅਤੇ ਨਿਰੰਤਰ” ਵਿਕਾਸ ਦੇਖਿਆ ਹੈ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਇਸਦੀ ਜੀਡੀਪੀ ਵਿਕਾਸ ਦਰ ਔਸਤਨ 8.3 ਪ੍ਰਤੀਸ਼ਤ ਰਹੀ ਹੈ।

ਕੇਂਦਰੀ ਵਿੱਤ ਮੰਤਰੀ (Nirmala Sitharaman) ਨੇ ਕਿਹਾ ਕਿ ਨਿਰਮਾਣ ਖੇਤਰ ‘ਚ ਕੋਈ ਵਿਆਪਕ ਮੰਦੀ ਨਹੀਂ ਹੈ। ਸਮੁੱਚੇ ਨਿਰਮਾਣ ਖੇਤਰ ਦਾ ਅੱਧਾ ਹਿੱਸਾ ਮਜ਼ਬੂਤ ​​ਬਣਿਆ ਹੋਇਆ ਹੈ। ਭਾਰਤੀ ਅਰਥਵਿਵਸਥਾ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ‘ਚ 6.7 ਫੀਸਦੀ ਅਤੇ ਜੁਲਾਈ-ਸਤੰਬਰ ਦੀ ਮਿਆਦ ‘ਚ 5.4 ਫੀਸਦੀ ਵਧੀ ਹੈ।

ਮਹਿੰਗਾਈ ਬਾਰੇ ਸੀਤਾਰਮਨ ਨੇ ਕਿਹਾ ਕਿ ਐਨਡੀਏ ਸ਼ਾਸਨ ਦੌਰਾਨ ਇਸ ਨੂੰ ਬਿਹਤਰ ਢੰਗ ਨਾਲ ਕੰਟਰੋਲ ਕੀਤਾ ਗਿਆ ਸੀ, ਜਦੋਂ ਕਿ ਯੂਪੀਏ ਸਰਕਾਰ ਦੌਰਾਨ ਇਹ ਦੋਹਰੇ ਅੰਕਾਂ ਨੂੰ ਛੂਹ ਗਿਆ ਸੀ। ਸੀਤਾਰਮਨ ਨੇ ਕਿਹਾ ਕਿ ਬੇਰੁਜ਼ਗਾਰੀ ਦਰ 2017-18 ‘ਚ 6 ਫੀਸਦੀ ਤੋਂ ਘਟ ਕੇ ਹੁਣ 3.2 ਫੀਸਦੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਤੋਂ ਅਕਤੂਬਰ 2024-25 ਦੌਰਾਨ ਪ੍ਰਚੂਨ ਮਹਿੰਗਾਈ ਦਰ 4.8 ਫੀਸਦੀ ਰਹੀ, ਜੋ ਕੋਵਿਡ ਮਹਾਂਮਾਰੀ ਤੋਂ ਬਾਅਦ ਸਭ ਤੋਂ ਘੱਟ ਹੈ।

Read More: JP Nadda: ਕੇਂਦਰੀ ਮੰਤਰੀ ਜੇਪੀ ਨੱਡਾ ਦਾ ਕਾਂਗਰਸ ‘ਤੇ ਨਿਸ਼ਾਨਾ, “ਕੁਰਸੀ ਬਚਾਉਣ ਲਈ ਐਮਰਜੈਂਸੀ ਲਗਾਈ”

Scroll to Top