ਚੰਡੀਗੜ੍ਹ, 23 ਜੂਨ 2023: ਬਿਹਾਰ ਦੇ ਪਟਨਾ ‘ਚ ਵਿਰੋਧੀ ਪਾਰਟੀਆਂ ਦੀ ਪਹਿਲੀ ਮਹਾਂਬੈਠਕ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਿਹਾਇਸ਼ ‘ਤੇ ਸ਼ੁਰੂ ਹੋ ਗਈ ਹੈ। ਇਸ ਵਿੱਚ 15 ਪਾਰਟੀਆਂ ਦੇ ਆਗੂ ਮੌਜੂਦ ਹਨ। ਮੀਟਿੰਗ 5 ਘੰਟੇ ਤੱਕ ਚੱਲੇਗੀ, ਇਸ ‘ਚ ਭਾਜਪਾ ਖ਼ਿਲਾਫ਼ ਲੜਾਈ ਲਈ ਰੋਡਮੈਪ ਤਿਆਰ ਕੀਤਾ ਜਾਵੇਗਾ।
ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਧਾਨ ਮਲਿਕਾਰਜੁਨ ਖੜਗੇ, ਸ਼ਰਦ ਪਵਾਰ, ਊਧਵ ਠਾਕਰੇ ਸ਼ੁੱਕਰਵਾਰ ਸਵੇਰੇ ਪਟਨਾ ਪਹੁੰਚ ਚੁੱਕੇ ਹਨ । ਰਾਹੁਲ ਗਾਂਧੀ ਅਤੇ ਖੜਗੇ ਪਹਿਲਾਂ ਹਵਾਈ ਅੱਡੇ ਤੋਂ ਸਿੱਧੇ ਕਾਂਗਰਸ ਹੈੱਡਕੁਆਰਟਰ ਪਹੁੰਚੇ। ਇੱਥੇ ਰਾਹੁਲ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਭਾਜਪਾ ਨੂੰ ਹਰਾਵਾਂਗੇ। ਦੇਸ਼ ਵਿੱਚ ਦੋ ਵਿਚਾਰਧਾਰਾਵਾਂ ਦੀ ਜੰਗ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਾਂਗਰਸ ਦੀ ‘ਜੋੜੋ ਭਾਰਤ’ ਦੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਭਾਜਪਾ-ਆਰਐਸਐਸ ਦੀ ‘ਭਾਰਤ ਤੋੜੋ ‘ ਹੈ।
ਇਸ ਬੈਠਕ ਵਿੱਚ JDU, RJD, AAP, DMK, TMC, CPI, CPM, CPI (ML), PDP, ਨੈਸ਼ਨਲ ਕਾਨਫਰੰਸ, ਕਾਂਗਰਸ, ਸ਼ਿਵ ਸੈਨਾ, SP, JMM ਅਤੇ NCP ਪਾਰਟੀਆਂ ਸ਼ਾਮਲ ਹੋਈਆਂ ਹਨ | ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਡੀ ਰਾਜਾ, ਦੀਪਾਂਕਰ ਭੱਟਾਚਾਰੀਆ ਅਤੇ ਮਹਿਬੂਬਾ ਮੁਫ਼ਤੀ। ਇਹ ਸਾਰੇ ਨੇਤਾ ਵੀਰਵਾਰ ਨੂੰ ਹੀ ਪਟਨਾ ਪਹੁੰਚੇ ਸਨ।
ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ, ਐਨਸੀਪੀ ਦੇ ਸ਼ਰਦ ਪਵਾਰ ਅਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ, ਸਪਾ ਦੇ ਅਖਿਲੇਸ਼ ਯਾਦਵ, ਸ਼ਿਵ ਸੈਨਾ ਦੇ ਊਧਵ ਠਾਕਰੇ, ਜੇਐਮਐਮ ਦੇ ਹੇਮੰਤ ਸੋਰੇਨ ਸ਼ੁੱਕਰਵਾਰ ਨੂੰ ਪਟਨਾ ਪਹੁੰਚੇ। ਇਨ੍ਹਾਂ ਤੋਂ ਇਲਾਵਾ ਜੇਡੀਯੂ ਤੋਂ ਨਿਤੀਸ਼ ਕੁਮਾਰ ਅਤੇ ਆਰਜੇਡੀ ਤੋਂ ਤੇਜਸਵੀ ਯਾਦਵ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਹਨ।