ਅੰਮ੍ਰਿਤਸਰ, 15 ਫਰਵਰੀ 2024: ਮਹਾਰਾਸ਼ਟਰ ਸਰਕਾਰ ਨੇ ਨੰਦੇੜ (Nanded) ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਲ ਸੰਬੰਧਿਤ ਐਕਟ ਸੋਧ ਕਰਨ ਵਾਲਾ ਬਿੱਲ ਵਾਪਸ ਲੈ ਲਿਆ ਹੈ, ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਹਵਾਰਾ ਕਮੇਟੀ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਤਖਤ ਸ਼੍ਰੀ ਹਜੂਰ ਸਾਹਿਬ ਦੀ ਕਮੇਟੀ ਲਈ ਐਕਟ ਸੋਧ ਬਿੱਲ ਵਾਪਸ ਲੈਣਾ ਇੱਕ ਸ਼ਲਾਘਾਯੋਗ ਕਦਮ ਹੈ |
ਉਹਨਾਂ ਕਿਹਾ ਕਿ ਮਹਾਰਾਸ਼ਟਰ ਦੀ ਸਰਕਾਰ ਨੇ ਦੇਖਿਆ ਕਿ ਇਸ ਸੋਧ ਐਕਟ ਬਿੱਲ ਨੂੰ ਲੈ ਕੇ ਸਿੱਖਾਂ ਦੇ ਵਿੱਚ ਰੋਸ ਪ੍ਰਦਰਸ਼ਨ ਬਹੁਤ ਜ਼ਿਆਦਾ ਹੈ ਅਤੇ ਬਹੁਤ ਸਾਰੇ ਬੁੱਧੀਜੀਵੀਆਂ ਵੱਲੋਂ ਵੀ ਅਤੇ ਸਿੱਖ ਚਿੰਤਕਾਂ ਵੱਲੋਂ ਵੀ ਮਹਾਰਾਸ਼ਟਰ ਸਰਕਾਰ ਨੂੰ ਚਿੱਠੀ ਪੱਤਰ ਲਿਖੇ ਗਏ ਸਨ ਅਤੇ ਉਹਨਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਬਿੱਲ ਨੂੰ ਵਾਪਸ ਲਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਹੀ ਇਹਨਾਂ ਵੱਲੋਂ ਇਹ ਬਿੱਲ ਸੋਧ ਐਕਟ ਵਾਪਸ ਲੈ ਲਿਆ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਵੀ ਰਿਸਕ ਨਹੀਂ ਉਠਾਣਾ ਚਾਹੁੰਦੀ।
ਜ਼ਿਕਰਯੋਗ ਹੈ ਕਿ ਤਖਤ ਸੱਚਖੰਡ ਅਬਚਲ ਨਗਰ ਹਜ਼ੂਰ ਸਾਹਿਬ ਦੇ ਬੋਰਡ (Nanded) ਦੇ ਐਕਟ ‘ਚ ਤਬਦੀਲੀ ਕਰਕੇ ਸਰਕਾਰੀ ਮੈਂਬਰਾਂ ਦੀ ਗਿਣਤੀ ਵਧਾਉਣ ਮਹਾਰਾਸ਼ਟਰ ਸਰਕਾਰ ਦੇ ਫੈਸਲੇ ਦਾ ਕਾਫ਼ੀ ਵਿਰੋਧ ਸਿੱਖ ਸੰਗਤ ਵੱਲੋਂ ਅਤੇ ਬੁੱਧੀਜੀਵੀ ਅਤੇ ਸਿੱਖ ਚਿੰਤਕਾਂ ਵੱਲੋਂ ਕੀਤਾ ਜਾ ਰਿਹਾ ਸੀ, ਜਿਸ ਦਿਨ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਵੱਲੋਂ ਆਪਣਾ ਇਹ ਫੈਸਲਾ ਵਾਪਸ ਲੈ ਲਿਆ ਗਿਆ ਹੈ।