Canada

ਕੈਨੇਡਾ ‘ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਸਰਕਾਰ ਨੇ ਦਿੱਤਾ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ

ਕੈਨੇਡਾ,16 ਜੂਨ 2023: ਕੈਨੇਡਾ (Canada) ਵਿੱਚ ਡਿਪੋਰਟੇਸ਼ਨ ਦਾ ਸਾਹਮਣਾ ਕਰਨ ਵਾਲੇ ਅੰਤਰਾਰਸ਼ਟਰੀ ਵਿਦਿਆਰਥੀਆਂ ਦਾ ਸੰਘਰਸ਼ ਉਸ ਵੇਲੇ ਰੰਗ ਲਿਆਇਆ, ਜਦੋਂ ਕੈਨੇਡਾ ਦੇ ਇੰਮੀਗਰੇਸ਼ਨ ਵਿਭਾਗ ਵੱਲੋਂ ਡਿਪੋਰਟੇਸ਼ਨ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਟੈਂਪਰੇਰੀ ਤੌਰ ‘ਤੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸ ਦਈਏ ਕਿ ਪਿਛਲੇ 18 ਦਿਨਾਂ ਤੋਂ ਵਿਦਿਆਰਥੀ ਦਿਨ ਰਾਤ ਧਰਨਾ ਪ੍ਰਦਰਸ਼ਨ ਤੇ ਬੈਠੇ ਸਨ ਅਤੇ ਸੀਬੀਐਸਏ ਦਫਤਰ ਦੇ ਬਾਹਰ ਇਹ ਪ੍ਰਦਰਸ਼ਨ ਲਾਗਤਾਰ ਜਾਰੀ ਸੀ।

ਬੀਤੇ ਦਿਨੀ ਇੱਕ ਪ੍ਰੈਸ ਕਾਨਫ੍ਰੰਸ ਨੂੰ ਸੰਬੋਧਿਤ ਕਰਦਿਆਂ ਇੰਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਕੈਨੇਡਾ (Canada) ਫਿਲਹਾਲ ਉਹਨਾਂ ਸਾਰੇ ਵਿਦਆਿਰਥੀਆਂ ਨੂੰ ਆਰਜ਼ੀ ਤੌਰ ‘ਤੇ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ | ਜਿਹਨਾਂ ਉੱਤੇ ਫੇਕ ਐਡਮਿਸ਼ਨ ਲੈਟਰ ਮਾਮਲੇ ਵਿੱਚ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ। ਹਾਲਾਂਕਿ ਇਹ ਰਾਹਤ ਆਰਜ਼ੀ ਤੌਰ ‘ਤੇ ਦਿੱਤੀ ਗਈ ਹੈ ਅਤੇ ਇਸ ਮਾਮਲੇ ਵਿੱਚ ਇੱਕ ਇੱਕ ਕਰਕੇ ਕਾਰਵਾਈ ਜਾਰੀ ਰਹੇਗੀ ਅਤੇ ਜਿਹੜੇ ਵਿਦਿਆਰਥੀ ਇਸ ਮਾਮਲੇ ਵਿੱਚ ਬੇਕਸੂਰ ਪਾਏ ਜਾਣਗੇ, ਉਹਨਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕੇਗੀ |

ਜਿਹਨਾਂ ਨੇ ਜਾਣਬੁੱਝ ਕੇ ਧੌਖਾ ਦਿੱਤਾ ਹੈ, ਉਹਨਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ । ਇਸ ਪ੍ਰੈਸ ਕਾਨਫ੍ਰੰਸ ਦੌਰਾਨ ਉਹਨਾਂ ਦੇ ਨਾਲ ਬਰੈਂਪਟਨ ਦੇ ਪੰਜੋ ਐਮਪੀ -ਐਮਪੀ ਸੋਨੀਆ ਸਿੱਧੂ, ਰੂਬੀ ਸਹੋਤਾ, ਮਨਿੰਦਰ ਸਿੱਧੂ, ਸ਼ਫਕਤ ਅਲੀ, ਇਕਵਿੰਦਰ ਗਿਹੀਰ, ਤੇ ਬੀਸੀ ਤੋਂ ਸੁੱਖ ਧਾਲੀਵਾਲ ਸਣੇ ਹੋਰ ਰਾਜਨੀਤਕ ਸਖਸ਼ੀਅਤਾਂ ਸ਼ਾਮਲ ਸਨ। ਉੱਧਰ ਧਰਨੇ ‘ਤੇ ਬੈਠੇ ਵਿਦਿਆਰਥੀਆਂ ਦੇ ਚਿਹਰਿਆਂ ਤੇ ਵੀ ਕੁਝ ਸਕੂਨ ਜ਼ਰੂਰ ਦਿਖਾਈ ਦਿੱਤਾ।

ਪਿਛਲੇ 18 ਦਿਨਾਂ ਤੋਂ ਧੁੱਪ, ਠੰਢ , ਮੀਂਹ ਲੱਗਭਗ ਹਰ ਮੌਸਮ ਦਾ ਹਰ ਹਾਲਾਤਾਂ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਨੇ ਇੱਕ ਵਾਰ ਭਾਰਤ ਦੇ ਕਿਸਾਨ ਅੰਦੋਲਨ ਦੀ ਯਾਦ ਕਰਵਾ ਦਿੱਤਾ। ਠੀਕ ਉਸੇ ਤਰਜ਼ ‘ਤੇ ਵਿਦਿਆਰਥੀਆਂ ਨੇ ਕੈਨੇਡਾ ਦੀ ਧਰਤੀ ਤੇ ਇਹ ਪ੍ਰਦਰਸ਼ਨ ਕਰਕੇ ਇੱਕ ਤਰੀਕੇ ਨਾਲ ਇਤਿਹਾਸ ਸਿਰਜ ਦਿੱਤਾ | ਕਿਉਂਕਿ ਸ਼ਾਇਦ ਹੀ ਕਿਸੇ ਧਰਨੇ ਵਿੱਚ ਜਿਸ ਵਿੱਚ ਕਿ ਵਿਦਿਆਰਥੀ ਇੰਨੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਤੇ ਉਸਨੂੰ ਹਰ ਪਾਰਟੀ ਦਾ ਸਮਰਥਨ ਮਿਲਿਆ ਹੋਵੇ।

ਕੈਨੇਡਾ (Canada) ਦੇ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਏਵ, ਐਨਡੀਪੀ ਦੇ ਲੀਡਰ ਜਗਮੀਤ ਸਿੰਘ, ਵੱਖ-ਵੱਖ ਪਾਰਟੀਆਂ ਦੇ ਐਮਪੀ ਅਤੇ 2 ਸ਼ਹਿਰਾਂ ਦੇ ਮੇਅਰ ਤੇ ਕੌਂਸਲਰ ਤੱਕ ਵਿਦਆਿਰਥੀਆਂ ਨੂੰ ਧਰਨੇ ਵਾਲੀ ਥਾਂ ਤੇ ਮਿਲਣ ਪਹੁੰਚੇ ਅਤੇ ਉਨ੍ਹਾਂ ਦੇ ਹੱਕ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਨੂੰ ਸਥਾਨਕ ਲੋਕਾਂ ਦਾ ਵੀ ਭਰਪੂਰ ਸਾਥ ਮਿਲਿਆ। ਇੱਥੋਂ ਤੱਕ ਕਿ ਭਾਰਤ ਸਰਕਾਰ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਐੱਸ ਜੈਸ਼ੰਕਰ ਅਤੇ ਪੰਜਾਬ ਸਰਕਾਰ ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੌਂ ਖਾਸ ਤੌਰ ‘ਤੇ ਇਸ ਮਾਮਲੇ ਵਿੱਚ ਕੈਨੇਡਾ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ।

ਵਿਦੇਸ਼ੀ ਧਰਤੀ ਤੇ ਧਰਨੇ ‘ਤੇ ਬੈਠੇ ਵਿਦਿਆਰਥੀਆਂ ਦੇ ਮਾਪੇ ਜਿੱਥੇ ਇੱਕ ਪਾਸੇ ਭਾਰਤ ਵਿੱਚ ਚਿੰਤਤ ਸਨ ਕਿ ਉਹਨਾਂ ਦੇ ਬੱਚੇ ਸੜਕਾਂ ‘ਤੇ ਰਾਤਾਂ ਕੱਟ ਰਹੇ ਹਨ,ਉਥੇ ਹੀ ਭਾਈਚਾਰੇ ਨੇ ਵੀ ਇਹਨਾਂ ਦਾ ਪੂਰਾ ਸਾਥ ਦਿੱਤਾ। ਲੰਗਰ ਪਾਣੀ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ।ਇਸ ਪ੍ਰਦਰਸ਼ਨ ਵਿੱਚ ਸਿਰਫ ਭਾਰਤੀ ਭਾਈਚਾਰੇ ਹੀ ਨਹੀਂ ਬਲਕਿ ਵੱਖ-ਵੱਖ ਦੂਜੇ ਭਾਈਚਾਰਿਆਂ ਦੇ ਲੋਕ, ਵੱਖ ਵੱਖ ਸੰਸਥਾਵਾਂ ਅਤੇ ਗਰੁੱਪਾਂ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ।

ਆਖ਼ਰ ਵਿਦਿਆਰਥੀਆਂ ਦੇ ਸਬਰ ਦੀ ਜਿੱਤ ਹੋਈ ਅਤੇ ਫਿਲਹਾਲ ਇਸ ਰਾਹਤ ਦੇ ਨਾਲ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ, ਪਰ ਨਾਲ ਹੀ ਇਹ ਜ਼ਰੂਰ ਆਖਿਆ ਗਿਆ ਕਿ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਡਿਪੋਰਟ ਕੀਤਾ ਜਾਂਦਾ ਹੈ ਜਾਂ ਉਹਨਾਂ ਵਿਰੁੱਧ ਕਾਰਵਾਈ ਹੁੰਦੀ ਹੈ ਤਾਂ ਭਾਈਚਾਰੇ ਅਤੇ ਜੱਥੇਬੰਦੀਆਂ ਦੇ ਸੋਹਿਯੋਗ ਨਾਲ ਮੁੜ ਤੋਂ ਮੋਰਚਾ ਬਿੰਨਿਆ ਜਾਵੇਗਾ । ਦੱਸ ਦਈਏ ਕਿ ਜਿਹੜੇ 8 ਦੇ ਕਰੀਬ ਵਿਆਿਰਥੀਆਂ ਨੂੰ ਇਸ ਮਾਮਲੇ ਵਿੱਚ ਪਹਿਲਾਂ ਹੀ ਡਿਪੋਰਟ ਕੀਤਾ ਜਾ ਚੁੱਕਿਆ ਹੈ |

ਉਹਨਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਹੈ ਅਤੇ ਜੇਕਰ ਉਹ ਇਸ ਮਾਮਲੇ ਵਿੱਚ ਬੇਕਸੂਰ ਪਾਏ ਜਾਂਦੇ ਹਨ ਤਾਂ ਉਹਨਾਂ ਤੋਂ 5 ਸਾਲ ਦਾ ਬੈਨ ਹਟਾ ਕੇ ਉਹਨਾਂ ਨੂੰ ਕੈਨੇਡਾ ਵਿੱਚ ਮੁੜ ਤੋਂ ਪੜ੍ਹਾਈ ਕਰਨ ਜਾਂ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ । ਹਾਲ ਦੀ ਘੜੀ ਤਾਂ ਵਿਦਿਆਰਥੀਆਂ ਲਈ ਰਾਹਤ ਲੈ ਕੇ ਆਈ ਹੈ ਪਰ ਹੁਣ ਅੱਗੇ ਇਸ ਮਾਮਲੇ ਵਿੱਚ ਕੀ ਹੁੰਦਾ ਹੈ ਇਹ ਵੀ ਦੇਖਣਾ ਹੋਵੇਗਾ ।

Scroll to Top