Gulf countries

Punjab: ਖਾੜੀ ਦੇਸ਼ਾਂ ‘ਚੋਂ ਜਾਨ ਬਚਾਅ ਕੇ ਵਾਪਸ ਪੰਜਾਬ ਪਰਤੀ ਲੜਕੀ, ਮਸਕਟ ‘ਚ ਟਰੈਵਲ ਏਜੰਟਾਂ ਨੇ ਧੋਖੇ ਨਾਲ ਵੇਚਿਆ

ਜਲੰਧਰ, 08 ਜੁਲਾਈ 2024: ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਖਾੜੀ ਦੇਸ਼ (Gulf countries) ‘ਚ ਫਸੀ ਇੱਕ ਹੋਰ ਕੁੜੀ ਨੂੰ ਵਾਪਸ ਲਿਆਂਦਾ ਗਿਆ | ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਉਕਤ ਲੜਕੀ ਖਾੜੀ ਦੇ ਦੋ ਦੇਸ਼ਾਂ ‘ਚ ਜਾਨ ਬਚਾਅ ਕੇ ਵਿਧਵਾ ਮਾਂ ਦੀ ਧੀ ਦੀ ਵਤਨ ਵਾਪਸੀ ਹੋਈ ਹੈ | ਉਕਤ ਲੜਕੀ ਨੂੰ ਟਰੈਵਲ ਏਜੰਟਾਂ ਨੇ ਧੋਖੇ ਨਾਲ ਮਸਕਟ, ਓਮਾਨ ‘ਚ ਵੇਚ ਦਿੱਤਾ ਸੀ ਅਤੇ ਛੱਡਣ ਲਈ ਲੱਖਾਂ ਰੁਪਏ ਮੰਗ ਰਹੇ ਸਨ |

ਖਾੜੀ ਦੇਸ਼ਾਂ ‘ਚ 5 ਮਹੀਨੇ ਨਰਕ ਭਰੀ ਜਿੰਦਗੀ ਬਤੀਤ ਕਰਕੇ ਦੇਸ਼ ਪਰਤੀ ਲੜਕੀ ਨੇ ਆਪਣੇ ਦੁੱਖ ਭਰੀ ਕਹਾਣੀ ਵੀ ਦੱਸੀ, ਜਿਸਨੂੰ ਸੁਣ ਕੇ ਸਭ ਦੇ ਰੌਂਗਟੇ ਖੜ੍ਹੇ ਹੋ ਗਏ | ਉਕਤ ਲੜਕੀ ਨੇ ਦੱਸਿਆ ਕਿ ਉਸਨੂੰ ਟਰੈਵਲ ਏਜੰਟਾਂ ਨੇ ਦੁਬਈ, ਮਸਕਟ ਅਤੇ ਆਬੂ ਧਾਬੀ ਵਰਗੇ ਮੁਲਕਾਂ ‘ਚ ਫਸਾ ਦਿੱਤਾ ਸੀ | ਟ੍ਰੈਵਲ ਏਜੰਟਾਂ ਬਣੇ ਉਕਤ ਲੜਕੀ ਨੂੰ ਦੁਬਈ ਭੇਜਣ ਲਈ 30 ਹਜ਼ਾਰ ਲਿਆ ਸੀ, ਪਰ ਉਹ ਟਰੈਵਲ ਏਜੰਟਾਂ ਦੇ ਧੋਖੇ ਦੇ ਸ਼ਿਕਾਰ ਹੋ ਗਈ ਅਤੇ ਉਸਨੂੰ ਮਸਕਟ ‘ਚ ਫਸਾ ਦਿੱਤਾ |

ਉਕਤ ਲੜਕੀ ਨੇ ਦੱਸਿਆ ਉੱਥੇ ਉਸਦੀ ਚਮੜੇ ਦੀਆਂ ਬੈਲਟਾਂ ਨਾਲ ਰੋਜ਼ਾਨਾ ਕੁੱਟਮਾਰ ਕੀਤੀ ਜਾਂਦੀ ਸੀ | ਸਾਰਾ ਦਿਨ ਉਸਤੋਂ ਕੰਮ ਕਰਵਾਇਆ ਜਾਂਦਾ ਅਤੇ ਬਾਅਦ ‘ਚ ਉਸਨੂੰ ਇੱਕ ਦਫਤਰ ‘ਚ ਜਿੰਦਰਾ ਲਗਾ ਕੇ ਬੰਦ ਕਰ ਦਿੱਤਾ ਜਾਂਦਾ ਸੀ | ਪਰ ਉਸਨੇ ਦੋ ਮਹੀਨੇ ਬੀਤਣ ਦ ਬਾਵਜੂਦ ਆਸ ਨਹੀਂ ਛੱਡੀ ਕਿ ਉਹ ਇੱਕ ਦਿਨ ਜ਼ਿੰਦਾ ਬਚ ਕੇ ਜ਼ਰੂਰ ਨਿਕਲੇਗੀ | ਪੀੜਤਾ ਨੇ ਦੱਸਿਆ ਕਿ ਕਈ ਵਾਰ ਕੁੱਟਮਾਰ ਕਾਰਨ ਹੋ ਬੇਹੋਸ਼ ਵੀ ਹੋ ਜਾਂਦੀ ਸੀ ਤੇ ਸਹੀ ਢੰਗ ਨਾਲ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ | ਜੇਕਰ ਬਿਮਾਰ ਹੋ ਜਾਂਦੀ ਤਾਂ ਇਲਾਜ਼ ਵੀ ਨਹੀਂ ਕਰਵਾਇਆ ਜਾਂਦਾ ਸੀ |

ਪੀੜਤ ਲੜਕੀ ਨੇ ਦੱਸਿਆ ਕਿ ਉਹ ਇਸ ਸਾਲ ਫਰਵਰੀ ਮਹੀਨੇ ‘ਚ ਆਪਣੀ ਸਹੇਲੀ ਰਾਹੀਂ ਆਪਣੇ ਪਰਿਵਾਰ ਦੇ ਚੰਗੇ ਹਲਾਤਾਂ ਲਈ ਦੁਬਈ ਗਈ ਸੀ | ਪੀੜਤ ਲੜਕੀ ਦੇ ਪਿਓ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ‘ਚ ਵਿਧਵਾ ਮਾਂ, ਦੋ ਛੋਟੀਆਂ ਭੈਣਾਂ ਅਤੇ ਇੱਕ ਭਰਾ ਹੈ | ਪੀੜਤ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦਾ ਮੱਦਦ ਕਰਨ ਲਈ ਧੰਨਵਾਦ ਕੀਤਾ | ਪੀੜਤਾ ਨੇ ਕਿਹਾ ਕਿ ਜੇਕਰ ਉਹਨਾਂ ਨੇ ਸਮੇਂ ਸਿਰ ਮੱਦਦ ਨਾ ਕੀਤੀ ਹੁੰਦੀ ਤਾਂ ਇਸ ਮੁਲਕ ‘ਚੋਂ ਵਾਪਸ ਆਉਣਾ ਉਸਦਾ ਸਿਰਫ ਇੱਕ ਸੁਫਨਾ ਰਹਿ ਜਾਂਦਾ |

ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ ਲੜਕੀ ਨੇ ਦੱਸਿਆ ਕਿ ਉਸ ਦੀ ਵਿਧਵਾ ਮਾਂ ਨੇ ਹਿੰਮਤ ਨਾ ਹਾਰੀ ਤੇ ਉਸ ਨੇ ਕਿਵੇਂ ਨਾ ਕਿਵੇਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤੇ ਉਸ ਦੀ ਜਾਨ ਬਚ ਸਕੀ। ਪੀੜਤ ਲੜਕੀ ਦੀ ਵਿਧਵਾ ਮਾਂ ਨੇ ਦੱਸਿਆ ਕਿ ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਏਜੰਟ ਦੇ ਬਹੁਤ ਤਰਲੇ ਕੀਤੇ ਤੇ ਕਿਹਾ ਕਿ ਉਸਦੀ ਲੜਕੀ ਨੂੰ ਵਾਪਸ ਭੇਜ ਦਿੱਤਾ ਜਾਵੇ, ਪਰ ਏਜੰਟ ਵੱਲੋਂ ਉਸ ਕੋਲੋਂ ਲੜਕੀ ਨੂੰ ਵਾਪਸ ਭੇਜਣ ਲਈ ਲੱਖਾਂ ਮੰਗੇ ਤੇ ਪੈਸੇ ਨਾ ਹੋਣ ਦੀ ਸੂਰਤ ‘ਚ ਉਸਨੇ ਆਪਣੀ ਲੜਕੀ ਦੀ ਵਾਪਸੀ ਦੀ ਉਮੀਦ ਤੱਕ ਛੱਡ ਦਿੱਤੀ ਸੀ।

ਪੀੜਤ ਲੜਕੀ ਨੇ ਦੱਸਿਆ ਕਿ ਭਾਰਤੀ ਅੰਬੈਸੀ ਦੇ ਦਬਾਅ ਤੋਂ ਬਾਅਦ ਏਜੰਟਾਂ ਨੇ ਉਸਨੂੰ ਵਾਪਸ ਭੇਜਣਾ ਸੀ ਪਰ ਧੋਖੇ ਨਾਲ ਭਾਰਤ ਦਾ ਕਹਿ ਕਿ ਉਸਨੂੰ ਆਬੂ ਧਾਬੀ (Gulf countries) ਭੇਜ ਦਿੱਤਾ ਤੇ ਉਸਦੇ ਸਾਰੇ ਪੈਸੇ ਵੀ ਖੋਹ ਲਏ ਗਏ। ਪੀੜਤ ਨੇ ਦੱਸਿਆ ਕਿ ਏਜੰਟ ਵੱਲੋਂ ਉਸਦਾ ਪਿੱਛਾ ਕੀਤਾ ਤੇ ਉਹਨਾਂ ਵੱਲੋਂ ਇੱਕ ਲੜਕੀ ਨੂੰ ਵੀ ਉੱਥੇ ਉਸਨੂੰ ਫਸਾਉਣ ਲਈ ਪਿੱਛੇ ਭੇਜ ਦਿੱਤਾ ਸੀ। ਲੜਕੀ ਦੀ ਆਪਣੀ ਸੂਝ-ਬੂਝ ਨਾਲ ਵੀ ਉਸਦੀ ਵਾਪਸੀ ਸੰਭਵ ਹੋਈ | ਉਥੇ ਹੀ ਇੱਕ ਹੋਰ ਲੜਕੀ ਜੋ ਕਿ ਪੰਜਾਬ ਦੀ ਰਹਿਣ ਵਾਲੀ ਸੀ ਉਸਨੂੰ ਵੀ ਸਮਝਾ ਕੇ ਨਾਲ ਹੀ ਸਹੀ ਸਲਾਮਤ ਵਾਪਸ ਲਿਆਂਦਾ ਗਿਆ ਹੈ।

ਇਸ ਪੂਰੇ ਮਾਮਲੇ ‘ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਆਪਣਿਆਂ ਜਾਂ ਏਜੰਟਾਂ ਤੇ ਭਰੋਸਾ ਨਾ ਕੀਤਾ ਜਾਵੇ, ਕਿਉਕਿ ਹੁਣ ਤੱਕ ਕਈ ਟ੍ਰੈਵਲ ਏਜੰਟਾਂ ਨੇ ਲੋਕਾਂ ਨੂੰ ਠੱਗਿਆ ਹੀ ਹੈ। ਉਹਨਾਂ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਲਗਾਤਰ ਦੇਸ਼ ਦੀਆਂ ਬੀਬੀਆਂ ਦੇ ਹੋ ਰਹੇ ਸ਼ੌਸ਼ਣ ‘ਤੇ ਠੱਲ ਪਾਉਣ ਦੀ ਲੋੜ ਹੈ। ਉੱਥੇ ਲੜਕੀਆਂ ਦੇ ਜੋ ਹਲਾਤ ਬਣੇ ਹੋਏ ਹਨ ਉਹ ਬਹੁਤ ਹੀ ਤਰਸਯੋਗ ਹਨ। ਉਹਨਾਂ ਵਿਦੇਸ਼ ਮੰਤਰਾਲੇ ਤੇ ਖਾਸ ਕਰ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ ਜਿਹਨਾਂ ਵੱਲੋਂ ਕੀਤੀਆਂ ਸਾਰਥਿਕ ਕੋਸ਼ਿਸ਼ਾਂ ਸਦਕਾ ਇਹਨਾਂ ਲੜਕੀਆਂ ਨੂੰ ਬਚਾ ਕਿ ਸਹੀ ਸਲਾਮਤ ਵਾਪਸ ਪਰਿਵਾਰਾਂ ਤੱਕ ਲਿਆਂਦਾ ਗਿਆ ਹੈ।

 

Scroll to Top