July 4, 2024 9:28 pm
Ganga Aarti

ਮੰਦਿਰ ਸ੍ਰੀ ਕਾਲੀ ਦੇਵੀ ਦੇ ਪਵਿੱਤਰ ਸਰੋਵਰ ਕਿਨਾਰੇ ਪਹਿਲੀ ਵਾਰ 251 ਇਕੱਠੀਆਂ ਵਿਸ਼ਾਲ ਜੋਤਾਂ ਜਗਾ ਕੇ ਹੋਈ ਗੰਗਾ ਆਰਤੀ

ਪਟਿਆਲਾ, 20 ਅਕੂਤਬਰ 2023: ਨਰਾਤਿਆਂ ਦੇ ਅੱਜ ਛੇਵੇਂ ਦਿਨ ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਕਈ ਸਾਲਾਂ ਬਾਅਦ ਮੰਦਿਰ ਦੇ ਸਰੋਵਰ ਵਿੱਚ ਸਾਫ ਜਲ ਭਰਿਆ ਗਿਆ ਅਤੇ ਇੱਥੇ ਸਰੋਵਰ ਕਿਨਾਰੇ ਪਹਿਲੀ ਵਾਰ 251 ਇਕੱਠੀਆਂ ਵਿਸ਼ਾਲ ਜੋਤਾਂ ਜਗਾ ਕੇ ‘ਗੰਗਾ ਆਰਤੀ’ (Ganga Aarti) ਕੀਤੀ ਗਈ।ਇਸ ਸਰੋਵਰ ਵਿੱਚ ਜਲ ਭਰਨ ਤੋਂ ਪਹਿਲਾਂ ਪੂਜਾ ਕਰਕੇ ਗੰਗਾ ਜਲ ਪਾਇਆ ਗਿਆ ਸੀ।

ਇਸ ਦੌਰਾਨ ਮੰਦਿਰ ਸ੍ਰੀ ਕਾਲੀ ਦੇਵੀ ਜੀ ਤੇ ਸ੍ਰੀ ਰਾਜ ਰਾਜੇਸ਼ਵਰੀ ਦੇਵੀ ਦੇ ਸਲਾਹਕਾਰੀ ਬੋਰਡ ਦੇ ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੁਲ ਲੋਕਾਈ ਦੇ ਭਲੇ ਦੀ ਕਾਮਨਾ ਕਰਦਿਆਂ ਕਾਲੀ ਦੇਵੀ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ।

ਨਵਰਾਤਰਿਆਂ ਦੇ ਪਾਵਨ ਤਿਉਹਾਰ ਦੇ ਸਨਮੁੱਖ ਮੰਦਿਰ ਸ੍ਰੀ ਕਾਲੀ ਦੇਵੀ ਜੀ ਤੇ ਸ੍ਰੀ ਰਾਜ ਰਾਜੇਸ਼ਵਰੀ ਦੇਵੀ ਸਲਾਹਕਾਰੀ ਬੋਰਡ ਵੱਲੋਂ ਮਹਿਲਾ ਸਸ਼ਕਤੀਕਰਨ ਤਹਿਤ ਸਕੂਲੀ ਵਿਦਿਆਰਥਣਾਂ ਨੂੰ 25 ਸਾਈਕਲ, ਖਿਡਾਰਨਾਂ ਨੂੰ 30 ਖੇਡ ਕਿੱਟਾਂ ਅਤੇ ਲੋੜਵੰਦ ਔਰਤਾਂ ਨੂੰ 10 ਸਿਲਾਈ ਮਸ਼ੀਨਾਂ ਤਕਸੀਮ ਕਰਨ ਦੀ ਰਸਮ ਅਦਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਇਨ੍ਹਾਂ ਬੱਚੀਆਂ ਦੀ ਹੌਂਸਲਾ ਅਫ਼ਜਾਈ ਹੋਵੇਗੀ ਉਥੇ ਹੀ ਵਿਦਿਆਰਥਣਾਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧਣ ਦਾ ਮੌਕਾ ਵੀ ਮਿਲੇਗਾ।

ਇਸੇ ਦੌਰਾਨ ਇੱਕ ਬਿਆਨ ਵਿੱਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਈ ਸਾਲਾਂ ਬਾਅਦ ਮੰਦਿਰ ਦੇ ਪਵਿੱਤਰ ਸਰੋਵਰ ਵਿੱਚ ਜਲ ਵੀ ਭਰੇ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਿਰ ਪ੍ਰਬੰਧਕੀ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਧਾਰਮਿਕ ਅਸਥਾਨ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਉਚੇਚੇ ਕਦਮ ਚੁੱਕ ਰਹੀ ਹੈ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਨਵਰਾਤਰਿਆਂ ਦੇ ਇਨ੍ਹਾਂ ਪਾਵਨ ਦਿਨਾਂ ਦੀ ਵਧਾਈ ਦਿੰਦਿਆਂ ਕਿਹਾ ਕਿ ਪਿਛਲੇ ਦਿਨੀਂ ਮੰਦਿਰ ਵਿਖੇ ਆਉਂਦੀ ਸੰਗਤ ਲਈ ਮੁਫ਼ਤ ਬਹੁਮੰਜ਼ਿਲਾ ਪਾਰਕਿੰਗ ਤੇ ਭਵਨ, ਜੁੱਤਾ ਘਰ, ਬਾਥਰੂਮਜ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਸ਼ਰਧਾਲੂਆਂ ਨੂੰ ਸਮਰਪਿਤ ਕੀਤੇ ਗਏ ਹਨ ਅਤੇ ਹੋਰ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਸਰੋਵਰ ਵਿੱਚ ਜਲ ਭਰਨ ਦਾ ਕਾਰਜ ਡਰੇਨੇਜ ਵਿਭਾਗ ਵੱਲੋਂ ਸਫਲਤਾ ਪੂਰਵਕ ਕੀਤਾ ਗਿਆ ਹੈ।

ਇਸ ਮੌਕੇ ਮੰਦਿਰ ਸਲਾਹਕਾਰੀ ਕਮੇਟੀ ਦੇ ਮੈਂਬਰ ਸੰਦੀਪ ਬੰਧੂ, ਕੇ.ਕੇ. ਸਹਿਗਲ, ਨਰੇਸ਼ ਕਾਕਾ, ਮਨਮੋਹਨ ਕਪੂਰ, ਅਸ਼ਵਨੀ ਗਰਗ, ਰਵਿੰਦਰ ਕੌਸ਼ਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪਤਨੀ ਸਿਮਰਜੀਤ ਕੌਰ ਪਠਾਣਮਾਜਰਾ, ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ, ਜੀ ਐਸ ਉਬਰਾਏ, ਸੁਸ਼ੀਲ ਮਿੱਢਾ, ਰਾਜਬੀਰ ਸਿੰਘ, ਪਰਮਜੀਤ ਕੌਰ, ਰੂਬੀ ਭਾਟੀਆ, ਨਾਇਬ ਤਹਿਸੀਲਦਾਰ ਰਾਜੀਵ ਕੁਮਾਰ, ਮੈਨੇਜਰ ਵਿਵੇਕ ਵਾਲੀਆ, ਧਰਮ ਅਰਥ ਸਲਾਹਕਾਰ ਹਰਸਿਮਰਤ ਕੌਰ, ਨੀਤੂ ਰਾਣੀ, ਜਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ, ਜਿਲ੍ਹਾ ਬਾਲ ਸੁਰੱਖਿਆ ਅਫਸਰ ਡਾ. ਸ਼ਾਇਨਾ ਕਪੂਰ ਵੀ ਮੌਜੂਦ ਸਨ।