ਚੰਡੀਗੜ੍ਹ, 6 ਫਰਵਰੀ 2023: ਦੁਨੀਆ ਦੇ 20 ਪ੍ਰਮੁੱਖ ਦੇਸ਼ਾਂ ਦੇ ਸਮੂਹ ਜੀ-20 (Y20 summit) ਦੇ ਯੁਵਾ ਵਿੰਗ Y20 ਦੀ ਪਹਿਲੀ ਬੈਠਕ ਸੋਮਵਾਰ ਨੂੰ ਅਸਾਮ ਦੇ ਗੁਹਾਟੀ ‘ਚ ਸ਼ੁਰੂ ਹੋਈ, ਜਿਸ ਦਾ ਉਦੇਸ਼ ਜੰਗ ਅਤੇ ਸ਼ਾਂਤੀ, ਜਲਵਾਯੂ ਪਰਿਵਰਤਨ ਅਤੇ ਨੌਕਰੀਆਂ ਦੀ ਸਿਰਜਣਾ ਵਰਗੇ ਪੰਜ ਮਹੱਤਵਪੂਰਨ ਵਿਸ਼ਿਆਂ ‘ਤੇ ‘ਵਾਈਟ ਪੇਪਰ’ ਦਾ ਖਰੜਾ ਤਿਆਰ ਕਰਨਾ ਹੈ।
ਗੁਹਾਟੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਸਕੱਤਰ ਮੀਤਾ ਰਾਜੀਵ ਲੋਚਨ ਨੇ ਕਿਹਾ ਕਿ ਤਿੰਨ ਦਿਨਾਂ ਸੰਮੇਲਨ ਵਿੱਚ 20 ਵਿਦੇਸ਼ੀ ਨਾਗਰਿਕਾਂ ਸਮੇਤ ਮੈਂਬਰ ਦੇਸ਼ਾਂ ਦੇ ਕੁੱਲ 300 ਡੈਲੀਗੇਟ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਸੰਮੇਲਨ ਦੌਰਾਨ ਡੈਲੀਗੇਟ ਪੰਜ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਸਾਲ ਦੇਸ਼ ਭਰ ਵਿੱਚ ਅਜਿਹੀਆਂ 17 ਮੀਟਿੰਗਾਂ ਹੋਣਗੀਆਂ, ਇਹ ਗੁਹਾਟੀ ਵਿੱਚ ਪਹਿਲੀ ਮੀਟਿੰਗ ਹੈ।
ਮੀਤਾ ਨੇ ਇਹ ਵੀ ਕਿਹਾ ਕਿ ਸੰਮੇਲਨ (Y20 summit) ਦੇ ਆਖਰੀ ਦਿਨ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਮੌਜੂਦਗੀ ਵਿੱਚ ਪੰਜ ਵਿਸ਼ਿਆਂ ‘ਤੇ ਇੱਕ ਡਰਾਫਟ ‘ਵਾਈਟ ਪੇਪਰ’ ਜਾਰੀ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਡਰਾਫਟ ਪੇਪਰ ‘ਤੇ ਘਰੇਲੂ ਅਤੇ ਵਿਦੇਸ਼ੀ ਡੈਲੀਗੇਟਾਂ ਵੱਲੋਂ ਅਗਲੇ ਸੰਮੇਲਨਾਂ ‘ਚ ਬਹਿਸ ਕੀਤੀ ਜਾਵੇਗੀ ਅਤੇ ਇਸ ਸਾਲ ਅਗਸਤ ‘ਚ ਵਾਰਾਣਸੀ ‘ਚ ਹੋਣ ਵਾਲੀ ਆਖਰੀ ਬੈਠਕ ‘ਚ ਅੰਤਿਮ ਦਸਤਾਵੇਜ਼ ਤਿਆਰ ਕੀਤਾ ਜਾਵੇਗਾ।