ਚੰਡੀਗੜ੍ਹ, 05 ਅਕਤੂਬਰ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਮੁੰਬਈ (Mumbai) ਦੀ ਭੂਮੀਗਤ ਮੈਟਰੋ ਐਕਵਾ ਲਾਈਨ 3 (Metro Aqua Line 3) ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਗਿਆ ਹੈ। ਮੁੰਬਈ ਦੀ ਪਹਿਲੀ ਭੂਮੀਗਤ ਮੈਟਰੋ ਐਕਵਾ ਲਾਈਨ-3 ਦੇਸ਼ ਦੀ ਪਹਿਲੀ ਸੰਪੂਰਨ ਭੂਮੀਗਤ ਮੈਟਰੋ ਹੈ।
ਪ੍ਰਧਾਨ ਮੰਤਰੀ ਨੇ 14120 ਕਰੋੜ ਰੁਪਏ ਦੀ ਲਾਗਤ ਵਾਲੇ ਮੁੰਬਈ ਮੈਟਰੋ ਲਾਈਨ 3 ਦੇ ਬੀਕੇਸੀ ਤੋਂ ਆਰੇ ਜੇਵੀਐਲਆਰ ਸੈਕਸ਼ਨ ਦਾ ਉਦਘਾਟਨ ਕੀਤਾ ਹੈ। ਠਾਣੇ ‘ਚ ਪ੍ਰੋਜੈਕਟ ਦੇ ਉਦਘਾਟਨ ਦੇ ਨਾਲ ਪ੍ਰਧਾਨ ਮੰਤਰੀ ਨੇ ਠਾਣੇ ਇੰਟੈਗਰਲ ਰਿੰਗ ਮੈਟਰੋ ਰੇਲ ਪ੍ਰੋਜੈਕਟ ਅਤੇ ਐਲੀਵੇਟਿਡ ਈਸਟਰਨ ਫ੍ਰੀਵੇਅ ਐਕਸਟੈਂਸ਼ਨ ਸਮੇਤ 32,800 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਨਵੀਂ ਮੁੰਬਈ ਏਅਰਪੋਰਟ ਇੰਪੈਕਟ ਨੋਟੀਫਾਈਡ ਏਰੀਆ (ਨੈਨਾ) ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ।
ਪੀਐਮ ਨੇ ਕਿਹਾ ਕਿ ਮੁੰਬਈ (Mumbai) ਦੇ ਵਾਸੀ ਲੰਮੇ ਸਮੇਂ ਤੋਂ ਇਸ ਲਾਈਨ ਦਾ ਇੰਤਜ਼ਾਰ ਕਰ ਰਹੇ ਸਨ। ਉਨਾਂਹ ਕਿਹਾ ਕਿ “ਮੈਂ ਜਾਪਾਨ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹਾਂਗਾ”। ਜਾਪਾਨ ਨੇ ਜਾਪਾਨੀ ਇੰਟਰਨੈਸ਼ਨਲ ਕੋਆਪ੍ਰੇਸ਼ਨ ਏਜੰਸੀ ਰਾਹੀਂ ਇਸ ਪ੍ਰੋਜੈਕਟ ‘ਚ ਕਾਫ਼ੀ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਠਾਕਰੇ ਦਾ ਠਾਣੇ ਨਾਲ ਵਿਸ਼ੇਸ਼ ਲਗਾਉ ਸੀ। ਇਸ ਸ਼ਹਿਰ ਨੇ ਦੇਸ਼ ਨੂੰ ਆਨੰਦੀ ਬਾਈ ਜੋਸ਼ੀ ਵਰਗੀ ਪਹਿਲੀ ਮਹਿਲਾ ਡਾਕਟਰ ਦਿੱਤੀ। ਅਸੀਂ ਇਨ੍ਹਾਂ ਵਿਕਾਸ ਕਾਰਜਾਂ ਰਾਹੀਂ ਇਨ੍ਹਾਂ ਮਹਾਨ ਸਖ਼ਸ਼ੀਅਤਾਂ ਦੇ ਸੰਕਲਪ ਨੂੰ ਵੀ ਪੂਰਾ ਕਰ ਰਹੇ ਹਾਂ। ਮੈਂ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਲਈ ਮਹਾਰਾਸ਼ਟਰ ਦੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ ਮਰਾਠੀ ਭਾਸ਼ਾ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਹੈ। ਇਹ ਸਿਰਫ਼ ਮਰਾਠੀ ਅਤੇ ਮਹਾਰਾਸ਼ਟਰ ਲਈ ਸਨਮਾਨ ਨਹੀਂ ਹੈ, ਸਗੋਂ ਇਹ ਉਸ ਪਰੰਪਰਾ ਦਾ ਸਨਮਾਨ ਹੈ ਜਿਸ ਨੇ ਇਸ ਦੇਸ਼ ਨੂੰ ਗਿਆਨ, ਦਰਸ਼ਨ, ਅਧਿਆਤਮਿਕਤਾ ਅਤੇ ਸਾਹਿਤ ਦਾ ਅਮੀਰ ਸੱਭਿਆਚਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 33 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਹਨ। ਇਹ ਵਿਕਾਸ ਕਾਰਜ ਮੁੰਬਈ ਅਤੇ ਠਾਣੇ ਨੂੰ ਆਧੁਨਿਕ ਪਛਾਣ ਦੇਵੇਗਾ।