Sri Hemkunt Sahib

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲਾ ਜਥਾ ਰਵਾਨਾ

ਉੱਤਰਾਖੰਡ, 22 ਮਈ, 2024: ਉੱਤਰਾਖੰਡ ਰਾਜ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੇ ਕਿਵਾੜ 25 ਮਈ ਨੂੰ ਰਸਮਾਂ ਅਨੁਸਾਰ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ ਪਰ ਇਹ ਯਾਤਰਾ ਅੱਜ 22 ਮਈ ਨੂੰ ਹੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਲਕਸ਼ਮਣ ਝੂਲਾ ਮਾਰਗ, ਰਿਸ਼ੀਕੇਸ਼ ਤੋਂ ਸ਼ੁਰੂ ਹੋ ਗਈ ਹੈ। ਯਾਤਰਾ ਦਾ ਉਦਘਾਟਨ ਉਤਰਾਖੰਡ ਰਾਜ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਰਦਾਰ ਗੁਰਮੀਤ ਸਿੰਘ ਨੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲੇ ਜੱਥਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਵਿਸ਼ੇਸ਼ ਮੌਕੇ ‘ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਦਰਬਾਰ ਹਾਲ ਨੂੰ ਫੁੱਲਾਂ ਅਤੇ ਹੋਰ ਸਜਾਵਟ ਨਾਲ ਸਜਾਇਆ ਗਿਆ ਸੀ, ਜਿਸਦੇ ਚੱਲਦੇ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਅਤੇ ਸ਼ਾਨ ਨੇ ਸਾਰਿਆਂ ਦਾ ਮਨ ਮੋਹ ਲਿਆ |

ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੀ ਯਾਤਰਾ ’ਤੇ ਜਾਣ ਲਈ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਸੀ। ਰਾਜਪਾਲ ਦੁਪਹਿਰ 12:25 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਅਤੇ ਗੁਰਦੁਆਰਾ ਟਰੱਸਟ ਅਤੇ ਹਾਜ਼ਰ ਪਤਵੰਤਿਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਸਮਾਜ ਤੋਂ ਮਾਤਾ ਮੰਗਲਾ ਅਤੇ ਭੋਲੇ ਜੀ ਮਹਾਰਾਜ, ਹੰਸ ਫਾਊਂਡੇਸ਼ਨ/ਹੰਸ ਕਲਚਰਲ, ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਐਮ.ਪੀ., ਚਿਦਾਨੰਦ ਜੀ ਮਹਾਰਾਜ ਪਰਮਾਰਥ ਨਿਕੇਤਨ, ਮਹੰਤ ਵਤਸਲ ਪ੍ਰਪਨ ਸ਼ਰਮਾ ਭਰਤ ਮੰਦਰ ਅਤੇ ਦਿਨੇਸ਼ ਚੰਦਰ ਸ਼ਾਸਤਰੀ, ਉੱਤਰਾਖੰਡ ਸੰਸਕ੍ਰਿਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਬ੍ਰਹਮਸਰੂਪ ਬ੍ਰਹਮਚਾਰੀ ਜੈਰਾਮ ਆਸ਼ਰਮ ਤੋਂ ਇਲਾਵਾ ਹੋਰ ਸੰਸਥਾਵਾਂ ਨਾਲ ਜੁੜੇ ਲੋਕ ਵੀ ਮੌਜੂਦ ਸਨ।

ਮਹਾਰਾਜ ਨੇ ਦਰਬਾਰ ਹਾਲ ਵਿੱਚ ਸੰਤ ਸਮਾਜ ਦੇ ਪੈਰੋਕਾਰਾਂ ਨੂੰ ਸਿਰੋਪਾਓ ਪ੍ਰਸ਼ਾਦ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਅਤੇ ਯਾਤਰਾ ਲਈ ਪਹਿਲੇ ਜਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਉਨ੍ਹਾਂ ਸਮੂਹ ਮਹਿਮਾਨਾਂ ਸਮੇਤ ਪੰਜ ਪਿਆਰਿਆਂ ਦਾ ਸਨਮਾਨ ਕੀਤਾ। ਇਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬੈਂਡ ਦੇ ਧੁਨਾਂ ਅਤੇ “ਜੋ ਬੋਲੇ ​​ਸੋ ਨਿਹਾਲ” ਦੇ ਜੈਕਾਰਿਆਂ ਨਾਲ ਪਹਿਲੇ ਜਥੇ ਨੂੰ ਫੁੱਲਾਂ ਦੀ ਵਰਖਾ ਕਰਕੇ ਰਵਾਨਾ ਕੀਤਾ।

ਇਸ ਤੋਂ ਪਹਿਲਾਂ ਸਮੂਹ ਧਾਰਮਿਕ ਸ਼ਖ਼ਸੀਅਤਾਂ ਅਤੇ ਹੋਰ ਪਤਵੰਤਿਆਂ ਨੇ ਗੁਰੂ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਦਰਬਾਰ ਹਾਲ ਵਿੱਚ ਕੀਰਤਨੀਏ ਰਾਗੀ ਜਥੇ ਅਤੇ ਗੁਰਮਤਿ ਸੰਗੀਤ ਬਾਲ ਵਿਦਿਆਲਿਆ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਹਾਜ਼ਰ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ।

ਇਸ ਤੋਂ ਬਾਅਦ ਰਾਜਪਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੱਖ ਧਰਮ ਅਤੇ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ, ਸੁਖਦਾਈ ਅਤੇ ਮੁਸ਼ਕਿਲ ਰਹਿਤ ਯਾਤਰਾ ਦੀ ਕਾਮਨਾ ਕੀਤੀ। ਉਨ੍ਹਾਂ ਪ੍ਰਸ਼ਾਸਨ ਦੇ ਸਹਿਯੋਗ ਅਤੇ ਟਰਸਟ ਵੱਲੋਂ ਯਾਤਰੀਆਂ ਦੀ ਸੁੱਖ-ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਰਿਸ਼ੀਕੇਸ਼ ਗੁਰਦੁਆਰੇ ਤੋਂ ਰਵਾਨਾ ਹੋਣ ਤੋਂ ਪਹਿਲਾਂ ਮਹਾਰਾਜ ਨੇ ਲੰਗਰ ਹਾਲ ਵਿੱਚ ਬੈਠ ਕੇ ਲੰਗਰ ਪ੍ਰਸ਼ਾਦ ਵੀ ਛਕਿਆ।

ਇਸ ਪਵਿੱਤਰ ਧਾਰਮਿਕ ਰਸਮ ਮੌਕੇ ਨਗਰ ਨਿਵਾਸੀਆਂ ਦੇ ਨਾਲ-ਨਾਲ ਬਾਬਾ ਗੁਰਦੀਪ ਸਿੰਘ ਕਾਸ਼ੀਪੁਰ ਵਾਲੇ, ਬਾਬਾ ਨਿਧਾਨ ਸਿੰਘ ਧੂਰੀ (ਪੰਜਾਬ), ਬਾਬਾ ਗੁਰਭੇਜ ਸਿੰਘ ਨੋਇਡਾ ਵਾਲੇ, ਬਾਬਾ ਜਗਦੇਵ ਸਿੰਘ, ਸਿਮਰ ਸਿੰਘ ਸਮੇਤ ਹੋਰ ਪਤਵੰਤੇ ਸੱਜਣਾਂ, ਸਿੱਖ ਖੋਜ ਇਤਿਹਾਸਕਾਰ ਗੋਵਿੰਦ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਹਰਸ਼ਵਰਧਨ ਸ਼ਰਮਾ, ਮਹੰਤ ਬਲਬੀਰ, ਜਗਮੋਹਨ ਸਕਲਾਨੀ, ਬਚਨ ਪੋਖਰਿਆਲ, ਐਸ.ਐਸ.ਬੇਦੀ, ਮਦਨਮੋਹਨ ਸ਼ਰਮਾ, ਊਸ਼ਾ ਰਾਵਤ, ਬੂਟਾ ਸਿੰਘ ਤੋਂ ਇਲਾਵਾ ਨਿਰਮਲ ਆਸ਼ਰਮ ਦੇ ਪਤਵੰਤੇ ਹਾਜ਼ਰ ਸਨ।

Scroll to Top