ਚੰਡੀਗੜ੍ਹ, 27 ਅਪ੍ਰੈਲ 2023: ਸੂਡਾਨ (Sudan) ਵਿੱਚ ਘਰੇਲੂ ਯੁੱਧ ਦੇ ਦੌਰਾਨ ਫਸੇ ਭਾਰਤੀਆ ਨੂੰ ‘ਆਪਰੇਸ਼ਨ ਕਾਵੇਰੀ’ ਦੇ ਤਹਿਤ ਵਤਨ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਦੇ ਦੂਜੇ ਦਿਨ ਬੁੱਧਵਾਰ ਦੇਰ ਰਾਤ 367 ਨਾਗਰਿਕਾਂ ਦਾ ਪਹਿਲਾ ਜੱਥਾ ਜੇਦਾਹ, ਸਾਊਦੀ ਅਰਬ ਤੋਂ ਨਵੀਂ ਦਿੱਲੀ ਹਵਾਈ ਅੱਡੇ ‘ਤੇ ਪਹੁੰਚਿਆ। ਹਵਾਈ ਅੱਡੇ ‘ਤੇ ਲੋਕਾਂ ਨੇ ‘ਭਾਰਤ ਮਾਤਾ ਦੀ ਜੈ, ਭਾਰਤੀ ਫੌਜ ਜ਼ਿੰਦਾਬਾਦ, ਨਰਿੰਦਰ ਮੋਦੀ ਜ਼ਿੰਦਾਬਾਦ’ ਦੇ ਨਾਅਰੇ ਲਾਏ।
ਇਸ ਤੋਂ ਇਲਾਵਾ ਭਾਰਤੀਆਂ ਦਾ ਦੂਜਾ ਜੱਥਾ ਵੀਰਵਾਰ ਨੂੰ ਸਵੇਰੇ 10.22 ਵਜੇ ਜੇਦਾਹ ਤੋਂ ਮੁੰਬਈ ਲਈ ਰਵਾਨਾ ਹੋਇਆ ਹੈ। ਉਨ੍ਹਾਂ ਨੂੰ ਆਈਏਐਫ ਦੇ ਸੀ17 ਗਲੋਬਮਾਸਟਰ ਦੁਆਰਾ ਲਿਆਂਦਾ ਜਾ ਰਿਹਾ ਹੈ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਵੀਰਵਾਰ ਨੂੰ ਆਪਰੇਸ਼ਨ ਕਾਵੇਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਆਪਣੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਭੇਜਣਾ ਅਤੇ ਜਲਦੀ ਤੋਂ ਜਲਦੀ ਭਾਰਤ ਲਿਆਉਣਾ ਹੈ। ਸੂਡਾਨ ਦੀ ਸਥਿਤੀ ਬਹੁਤ ਖਰਾਬ ਹੈ, ਅਸੀਂ ਹਰ ਭਾਰਤੀ ਨੂੰ ਉਥੋਂ ਕੱਢਾਂਗੇ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ‘ਆਪ੍ਰੇਸ਼ਨ ਕਾਵੇਰੀ ਤਹਿਤ ਹੁਣ ਤੱਕ ਸੂਡਾਨ (Sudan) ਤੋਂ 1100 ਭਾਰਤੀਆਂ ਨੂੰ ਕੱਢਿਆ ਜਾ ਚੁੱਕਾ ਹੈ।’ ਇਹ ਬਚਾਅ ਕਾਰਜ ਜਲ ਸੈਨਾ ਦੇ ਜਹਾਜ਼ ਆਈਐਨਐਸ ਸੁਮੇਧਾ ਅਤੇ ਭਾਰਤੀ ਹਵਾਈ ਸੈਨਾ ਦੇ ਸੀ-130 ਜੇ ਜਹਾਜ਼ ਦੁਆਰਾ ਕੀਤਾ ਜਾ ਰਿਹਾ ਹੈ।
ਸੂਡਾਨ ਤੋਂ ਪਹਿਲੇ ਜੱਥੇ ਵਿੱਚ 278 ਜਣਿਆਂ ਨੂੰ ਬਚਾਇਆ ਗਿਆ ਸੀ। ਦੂਜੇ ਅਤੇ ਤੀਜੇ ਵਿੱਚ 121 ਅਤੇ 135 ਜਣਿਆਂ ਨੂੰ ਬਾਹਰ ਕੱਢਿਆ ਗਿਆ। ਚੌਥੇ ਅਤੇ ਪੰਜਵੇਂ ਬੈਚ ਵਿੱਚ, 136 ਅਤੇ 297 ਜਣਿਆਂ ਨੂੰ ਏਅਰਲਿਫਟ ਕੀਤਾ ਗਿਆ ਸੀ। ਦੂਜੇ ਪਾਸੇ ਵੀਰਵਾਰ ਸਵੇਰੇ ਛੇਵੇਂ ਬੈਚ ‘ਚ 128 ਜਣਿਆਂ ਨੂੰ ਸੂਡਾਨ ਤੋਂ ਜੇਦਾਹ ਲਿਆਂਦਾ ਗਿਆ ਹੈ।