Govindghat

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਜੱਥਾ ਗੁਰਮਤਿ ਮਰਿਆਦਾ ਅਨੁਸਾਰ ਹੋਇਆ ਰਵਾਨਾ

ਚੰਡੀਗੜ੍ਹ,17 ਮਈ 2023: ਉਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੀ ਸਾਲਾਨਾ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਗੁਰਦੁਆਰਾ ਰਿਸ਼ੀਕੇਸ਼ ਤੋਂ ਗੁਰਮਤਿ ਮਰਿਆਦਾ ਅਨੁਸਾਰ ਰਵਾਨਾ ਰਵਾਨਾ ਹੋਇਆ। ਇਸ ਜਥੇ ਨੂੰ ਉਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਵੱਲੋਂ ਰਵਾਨਾ ਕੀਤਾ ਗਿਆ ਹੈ। ਇਹ ਪਹਿਲਾ ਜਥਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ ਹੈ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ 20 ਮਈ ਨੂੰ ਖੋਲ੍ਹੇ ਜਾਣਗੇ, ਜਿਸ ਤਹਿਤ ਸ਼ਰਧਾਲੂਆਂ ਦਾ ਪਹਿਲਾ ਅੱਜ ਰਿਸ਼ੀਕੇਸ਼ ਸਥਿਤ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਟਰੱਸਟ ਨੇ ਸਾਲਾਨਾ ਯਾਤਰਾ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਾਜਪਾਲ ਵੱਲੋਂ ਰਵਾਨਾ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਦੀ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਨੂੰ 15 ਕਿਲੋਮੀਟਰ ਦੀ ਪੈਦਲ ਯਾਤਰਾ ‘ਤੇ ਵੱਖ-ਵੱਖ ਥਾਵਾਂ ‘ਤੇ ਗਰਮ ਜਲ ਛਕਾਇਆ ਜਾਵੇਗਾ। ਇਸ ਲਈ ਭੂੰਦੜ ਤੇ ਘੰਗੜੀਆ ਵਿਖੇ ਦੋ ਵਾਟਰ ਏਟੀਐਮ ਲਗਾਏ ਜਾਣਗੇ। ਇਸ ਦੇ ਨਾਲ ਹੀ ਯਾਤਰਾ ਦੇ ਰਸਤੇ ‘ਤੇ ਚੱਲਣ ਵਾਲੇ ਘੋੜਿਆਂ ਤੇ ਖੱਚਰਾਂ ਲਈ ਤਿੰਨ ਥਾਵਾਂ ‘ਤੇ ਗਰਮ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਹੇਮਕੁੰਟ ਸਾਹਿਬ ਇਲਾਕੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਜਲ ਸੰਸਥਾ ਵੱਲੋਂ ਇਹ ਪ੍ਰਬੰਧ ਕੀਤੇ ਜਾ ਰਹੇ ਹਨ।

Scroll to Top