ਪਟਿਆਲਾ, 02 ਅਕਤੂਬਰ, 2023: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਨਸ਼ਿਆਂ ’ਤੇ ਫਿਲਮ ’ਉੜਤਾ ਪੰਜਾਬ’ (Udta Punjab) ਬਣੀ ਹੋਣ ਦੇ ਦਿੱਤੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਚੇਤੇ ਕਰਵਾਇਆ ਕਿ ਇਹ ਫਿਲਮ ਹੋਰ ਕਿਸੇ ਨੇ ਨਹੀਂ ਬਲਕਿ ਉਹਨਾਂ ਨੇ ਆਪ ਹੀ ਤਿਆਰ ਕਰਵਾਈ ਸੀ।
ਇੱਥੇ ਜਾਰੀ ਬਿਆਨ ‘ਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਦੀ ਯਾਦਦਾਸ਼ਤ ਕਮਜ਼ੋਰ ਹੈ। ਉਹਨਾਂ ਕਿਹਾ ਕਿ ਜਦੋਂ ਇਹਨਾਂ ਦੀ ਪਾਰਟੀ ਪੰਜਾਬ ਵਿਚ ਸਰਗਰਮ ਹੋਈਸੀ ਤਾਂ ਪੰਜਾਬੀ ਨੌਜਵਾਨਾਂ ਨੂੰ ਬਦਨਾਮ ਕਰਨ ਵਿਚ ਸਭ ਤੋਂ ਮੋਹਰੀ ਭੂਮਿਕਾ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਆਪ ਨਿਭਾਈ ਸੀ।
ਉਹਨਾਂ ਕਿਹਾ ਕਿ ਪੰਜਾਬ ਦੇ ਜਾਂ ਸ਼ਾਇਦ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਸੀ ਕਿ ਇਕ ਸਿਆਸੀ ਪਾਰਟੀ ਨੇ ਫਿਲਮ ਬਣਵਾ ਕੇ ਸਿਆਸੀ ਲਾਹਾ ਖੱਟਣ ਦੀ ਕੋਸ਼ਿਸ਼ ਕੀਤੀ ਹੋਵੇ। ਉਹਨਾਂ ਕਿਹਾ ਕਿ ਪੰਜਾਬ ਦੇ ਮੰਦੇ ਭਾਗ ਇਹ ਹੈ ਕਿ ਜੋ ਕੋਸ਼ਿਸ਼ ਉਸ ਵੇਲੇ ਆਪ ਲੀਡਰਸ਼ਿਪ ਨੇ ਕੀਤੀ, ਅੱਜ ਪੰਜਾਬ ਵਿਚ ਉਸਨੂੰ ਹਕੀਕੀ ਜਾਮਾ ਮਿਲ ਗਿਆ ਹੈ ਤੇ ਆਪ ਸਰਕਾਰ ਦੇ ਰਾਜ ਵਿਚ ਨਸ਼ਿਆਂ ਦਾ ਪਸਾਰ ਇੰਨਾ ਕੁ ਜ਼ਿਆਦਾ ਹੋਇਆ ਹੈ ਕਿ ਸ਼ਾਇਦ ਹੀ ਕੋਈ ਪਿੰਡ ਜਾਂ ਗਲੀ ਮੁਹੱਲਾ ਇਸਦੀ ਮਾਰ ਤੋਂ ਬਚਿਆ ਹੋਵੇ।ਡਾ. ਚੀਮਾ ਨੇ ਕੇਜਰੀਵਾਲ ਨੂੰ ਆਖਿਆ ਕਿ ਉਹ ਇਹ ਨਾ ਭੁੱਲਣ ਕਿ ਝੂਠ ਭਾਵੇਂ 100 ਵਾਰ ਬੋਲਿਆ ਜਾਵੇ ਪਰ ਅਖੀਰ ਜਿੱਤ ਸੱਚ ਦੀ ਹੀ ਹੁੰਦੀ ਹੈ।