ਮੋਹਾਲੀ 31 ਜੁਲਾਈ 2021: ਵਿਧਾਨ ਸਭਾ ਹਲਕੇ ਹਲਕਾ ਮੋਹਾਲੀ ਅਧੀਨ ਪੈਂਦੇ ਪਿੰਡ ਜੂਝਾਰ ਨਗਰ ਵਿਖੇ ਚੱਲ ਰਹੇ ਸਿਲਾਈ ਸੈਂਟਰਾਂ ਦੀਆਂ ਕੁੜੀਆਂ ਦੇ ਵੱਲੋਂ ਸਾਂਝੇ ਤੌਰ ‘ਤੇ ਕੌਂਸਲਰ ਰਮਨਪ੍ਰੀਤ ਕੌਰ ਕੁੰਬੜਾ ਦੀ ਅਗਵਾਈ ਹੇਠ ‘ਤੀਆਂ ਤੀਜ਼ ਦੀਆਂ’ (Teeyan Teej Diyan) ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ। ਪ੍ਰੋਗਰਾਮ ‘ਤੀਆਂ ਤੀਜ ਦੀਆਂ’ ਦੇ ਦੌਰਾਨ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਰਾਜਿੰਦਰ ਕੌਰ ਅਤੇ ਸ੍ਰੀਮਤੀ ਖੁਸ਼ਬੂ-ਪਤਨੀ ਮਨਪ੍ਰੀਤ ਸਿੰਘ ਸਮਾਣਾ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ।
ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਪਤਨੀ, ਉੱਘੇ ਸਮਾਜ ਸੇਵੀ- ਸ੍ਰੀਮਤੀ ਜਸਵੰਤ ਕੌਰ ਦੀ ਪ੍ਰੇਰਨਾ ਸਦਕਾ ਕਰਵਾਏ ਗਏ ਇਸ ਪ੍ਰੋਗਰਾਮ ਦੇ ਦੌਰਾਨ ਸਿਲਾਈ ਸੈਂਟਰ ਦੀਆਂ ਕੁੜੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਲਾਈ ਸੈਂਟਰਾਂ ਦੇ ਵਿੱਚ ਤਿਆਰ ਕੀਤੀਆਂ ਗਈਆਂ ਰੰਗ -ਬਿਰੰਗੀਆਂ ਪੌਸ਼ਾਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ |
ਇਸ ਮੌਕੇ ਸ਼੍ਰੀਮਤੀ ਰਾਜਿੰਦਰ ਕੌਰ ਅਤੇ ਸ੍ਰੀਮਤੀ ਖੁਸ਼ਬੂ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਗੱਲ ਕਰਦੇ ਹੋਏ ਕਿਹਾ ਕਿ ਤੀਆਂ ਸਾਡੇ ਪੰਜਾਬੀ ਸੱਭਿਆਚਾਰ ਦਾ ਪੁਰਾਤਨ ਅਤੇ ਅਮੀਰ ਵਿਰਸਾ ਹੈ ਅਤੇ ਮੌਜੂਦਾ ਦੌਰ ਦੇ ਵਿੱਚ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਦੇ ਚੱਲਦੇ ਸਾਡੇ ਸੱਭਿਆਚਾਰ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਿਸ ਦੇ ਲਈ ਸਾਨੂੰ ਸਭਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਰੰਗਲਾ ਪੰਜਾਬ ਪ੍ਰੋਜੈਕਟ ਨੂੰ ਸਹੀ ਮਾਇਨਿਆਂ ਦੇ ਵਿੱਚ ਲਾਗੂ ਕਰਨ ਦੇ ਲਈ ਸਹਿਯੋਗ ਕਰਨਾ ਚਾਹੀਦਾ ਹੈ। ਸ੍ਰੀਮਤੀ ਰਜਿੰਦਰ ਕੌਰ ਅਤੇ ਸ੍ਰੀਮਤੀ ਖੁਸ਼ਬੂ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ‘ਰੰਗਲਾ ਪੰਜਾਬ’ ਫਿਰ ਤੋਂ ਹੱਸਦਾ ਵੱਸਦਾ ਪੰਜਾਬ ਬਣੇ, ਇਸ ਲਈ ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਵੀ ਅਗਾਂਹ ਹੋ ਕੇ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ |
ਸ਼੍ਰੀਮਤੀ ਰਾਜਿੰਦਰ ਕੌਰ ਅਤੇ ਸ੍ਰੀਮਤੀ ਖੁਸ਼ਬੂ ਨੇ ਕਿਹਾ ਕਿ ਅੱਜ ਤੀਆਂ ਤੀਜ (Teeyan Teej Diyan) ਦਾ ਇਹ ਪ੍ਰੋਗਰਾਮ ਵੇਖ ਕੇ ਸਾਡੇ ਮਨ ਨੂੰ ਖੁਸ਼ੀ ਅਤੇ ਤਸੱਲੀ ਹੋਈ ਹੈ। ਸਾਡੇ ਪੁਰਾਤਨ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਦੇ ਲਈ ਕਿਸੇ ਵੱਲੋਂ ਆਪਣਾ ਬਣਦਾ ਯੋਗਦਾਨ ਪਾਉਣ ਦੀ ਖਾਤਰ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ। ਸ਼੍ਰੀਮਤੀ ਰਾਜਵਿੰਦਰ ਕੌਰ ਅਤੇ ਸ੍ਰੀਮਤੀ ਖੁਸ਼ਬੂ ਨੇ ਕਿਹਾ ਕਿ ਅੱਗੇ ਵੀ ਉਹ ਅਜਿਹੇ ਪ੍ਰੋਗਰਾਮ ਕਰਵਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਦੇ ਰਹਿਣਗੇ। ਇਸ ਮੌਕੇ ਹਰਮੇਸ਼ ਸਿੰਘ ਕੁੰਬੜਾ,ਵਰਿੰਦਰ ਕੌਰ, ਸਾਧੂ ਸਿੰਘ ਚਕੀ ਵਾਲੇ, ਸਾਬਕਾ ਸਰਪੰਚ ਸੁਰਮੁਖ ਸਿੰਘ,ਗੁਰਦੀਪ ਸਿੰਘ ਜੁਝਾਰ ਨਗਰ ਵਾਸੀ ਅਤੇ ਮਹਿਲਾ ਮੰਡਲ ਦੀਆਂ ਔਰਤ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।