June 24, 2024 1:00 am
ਸਕੂਲ ਵੈਨ

ਸਕੂਲ ਵੈਨ ‘ਚੋਂ ਬੱਚੀ ਨੂੰ ਗੋਦੀ ਚੁੱਕਿਆ ਭੱਜਿਆ ਪਿਤਾ, ਮਾਤਾ-ਪਿਤਾ ਦਾ ਅਦਾਲਤ ‘ਚ ਚੱਲ ਰਿਹੈ ਕੇਸ

ਚੰਡੀਗੜ੍ਹ, 08 ਸਤੰਬਰ 2023: ਲੁਧਿਆਣਾ ‘ਚ ਸਕੂਲ ਵੈਨ ‘ਚੋਂ ਬੱਚੀ ਨੂੰ ਉਸਦਾ ਹੀ ਪਿਤਾ ਗੋਦੀ ਚੁੱਕ ਕੇ ਭੱਜ ਗਿਆ | ਜਿਸਦੀ ਕਿ ਇੱਕ ਵੀਡੀਓ ਵੀ ਵਾਇਰਲ ਹੋ ਗਈ | ਬੱਚੀ ਦੇ ਮਾਪਿਆਂ ਨੇ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਰੰਜਿਸ਼ ਕਾਰਨ ਉਸ ਨੇ ਬੱਚੀ ਨੂੰ ਅਗਵਾ ਕਰ ਲਿਆ।

ਬਲਵਿੰਦਰ ਨੇ ਦੱਸਿਆ ਕਿ ਉਸ ਦੀ ਲੜਕੀ ਕਾਜਲ ਰਾਣਾ ਦਾ ਵਿਆਹ 2019 ਵਿੱਚ ਕਰਨਾਲ ਦੇ ਅੰਕਿਤ ਰਾਣਾ ਨਾਲ ਹੋਇਆ ਸੀ। ਉਹ ਆਪਣੇ ਪਤੀ ਨਾਲ ਵਿਦੇਸ਼ ਰਹਿੰਦੀ ਸੀ। ਉਥੇ ਉਸ ਦਾ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ। ਕਾਜਲ ਨੇ 2021 ‘ਚ ਅੰਕਿਤ ਖਿਲਾਫ ਅਦਾਲਤ ‘ਚ ਕੇਸ ਦਾਇਰ ਕੀਤਾ ਸੀ। ਉਹ ਆਪਣੀ ਪੁੱਤਰੀ ਆਰਾਧਿਆ ਦਾ ਪਾਲਣ-ਪੋਸ਼ਣ ਖੁਦ ਕਰਨਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਉਸਦੀ ਦੋਹਤੀ ਆਰਾਧਿਆ ਸਕੂਲ ਵੈਨ ਤੋਂ ਉਤਰ ਕੇ ਘਰ ਆ ਰਹੀ ਸੀ। ਉਸਦੀ ਦਾਦੀ ਉਸਨੂੰ ਲੈਣ ਲਈ ਖੜੀ ਸੀ। ਇਸੇ ਦੌਰਾਨ ਉਸ ਦਾ ਜਵਾਈ ਅੰਕਿਤ ਰਾਣਾ ਆਇਆ ਅਤੇ ਕੰਡਕਟਰ ਕੋਲੋਂ ਬੱਚੀ ਨੂੰ ਲੈ ਕੇ ਭੱਜ ਗਿਆ। ਉਸ ਦੇ ਸਾਥੀ ਕੁਝ ਦੂਰੀ ’ਤੇ ਕਾਰ ਵਿੱਚ ਮੌਜੂਦ ਸਨ।

ਬਲਵਿੰਦਰ ਨੇ ਕਿਹਾ ਕਿ ਅੰਕਿਤ ਖਿਲਾਫ ਅਗਵਾ ਅਤੇ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਉਸ ਦੀ ਬੇਟੀ ਕਾਜਲ ਟੀਚਰ ਹੈ ਅਤੇ ਉਸ ਦੀ ਜਾਨ ਨੂੰ ਵੀ ਖਤਰਾ ਹੈ। ਪੁਲਿਸ ਨੂੰ ਅੰਕਿਤ ਦਾ ਪਾਸਪੋਰਟ ਜ਼ਬਤ ਕਰਨਾ ਚਾਹੀਦਾ ਹੈ ਕਿਉਂਕਿ ਉਹ ਕੈਨੇਡਾ ਭੱਜ ਸਕਦਾ ਹੈ। ਇਸ ਮਾਮਲੇ ਵਿੱਚ ਚੌਕੀ ਇੰਚਾਰਜ ਗੁਰਦਿਆਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।