farmers

ਪਰਾਲੀ ਵਾਲੀਆਂ ਟਰਾਲੀਆਂ ਲੈ ਕੇ ਡੀਸੀ ਦਫ਼ਤਰ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਕਿਸਾਨਾਂ ਵੱਲੋਂ ਸੜਕ ਜਾਮ

ਚੰਡੀਗੜ੍ਹ 20 ਨਵੰਬਰ 2023: ਪਰਾਲੀ ਸਾੜਨ ‘ਤੇ ਕੇਸ ਦਰਜ ਕਰਨ ਤੋਂ ਭੜਕੀਆਂ ਕਿਸਾਨ (farmers) ਜਥੇਬੰਦੀਆਂ ਨੇ 20 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਡੀਸੀ ਦਫ਼ਤਰਾਂ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ, ਜਿਸ ਦੌਰਾਨ ਫਤਿਹਗੜ੍ਹ ਸਾਹਿਬ ‘ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਟਕਰਾਅ ਦੀ ਖ਼ਬਰ ਸਾਹਮਣੇ ਆ ਰਹੀ ਹੈ | ਟਰਾਲੀਆਂ ਵਿੱਚ ਪਰਾਲੀ ਭਰ ਕੇ ਫ਼ਤਹਿਗੜ੍ਹ ਸਾਹਿਬ ਦੇ ਡੀਸੀ ਦਫ਼ਤਰ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਬਸੀ ਸਰਹਿੰਦ ਮਾਰਗ ’ਤੇ ਪੈਂਦੇ ਜੋਤੀ ਸਰੂਪ ਮੋੜਾਂ ’ਤੇ ਉਸ ਵੇਲੇ ਆਵਾਜਾਈ ਠੱਪ ਕਰਕੇ ਧਰਨਾ ਲਗਾ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਿਸਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਉੱਤਰੀ ਭਾਰਤ ਦੀਆਂ 18 ਕਿਸਾਨ (farmers) ਜਥੇਬੰਦੀਆਂ ਵਲੋਂ ਦਿੱਤੇ ਗਏ ਸਾਂਝੇ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ, ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ, ਕਿਸਾਨ ਮਾਰੂ ਫ਼ੈਸਲਿਆ ਅਤੇ ਕਿਸਾਨਾਂ ਉੱਪਰ ਪਰਾਲੀ ਸਾੜਨ ਦੇ ਪਰਚੇ ਦਰਜ ਕਰਨ ਦੇ ਰੋਸ ਵਜੋਂ ਅੱਜ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਪਹਿਲਾਂ ਹੀ ਜੋਤੀ ਸਰੂਪ ਮੋੜਾਂ ’ਤੇ ਰੋਕ ਲਿਆ |

ਜਗਜੀਤ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਅਤੇ ਹਰਿਆਣਾ ‘ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਪਰ ਉਹਨਾਂ ਨੂੰ ਡੀਸੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਸੜਕ ਜਾਮ ਹੋਵੇਗੀ। ਜੇ ਗੁੱਸੇ ‘ਚ ਆ ਕੇ ਕਿਸਾਨ ਕਿਤੇ ਵੀ ਪਰਾਲੀ ਨੂੰ ਅੱਗ ਲਗਾਉਂਦੇ ਹਨ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

Scroll to Top