ਸ੍ਰੀ ਮੁਕਤਸਰ ਸਾਹਿਬ, 07 ਮਾਰਚ 2023: ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ – ਸ੍ਰੀ ਮੁਕਤਸਰ ਸਾਹਿਬ ਮਾਰਗ ‘ਤੇ ਪਿੰਡ ਵੜਿੰਗ ਨੇੜੇ ਲੱਗੇ ਟੋਲ ਪਲਾਜੇ (Toll Plaza) ‘ਤੇ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਇਸ ਟੋਲ ਪਲਾਜੇ ਨੂੰ ਟੋਲ ਪਰਚੀ ਮੁਕਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਇਹ ਟੋਲ ਪਲਾਜਾ ਸ਼ਰਤਾਂ ਪੂਰੀਆਂ ਨਹੀਂ ਕਰਦਾ, ਜਿਸ ਕਾਰਨ ਇਸਨੂੰ ਹਟਾਉਣਾ ਚਾਹੀਦਾ ਹੈ। ਕਿਸਾਨਾਂ ਕਿਹਾ ਕਿ ਇਹ ਟੋਲ ਪਲਾਜਾ ਹਟਵਾ ਕੇ ਹੀ ਸੰਘਰਸ਼ ਖ਼ਤਮ ਕਰਨਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਵਿਚ ਅੱਜ ਕਿਸਾਨਾਂ ਨੇ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮੁੱਖ ਮਾਰਗ ‘ਤੇ ਸਥਿਤ ਟੋਲ ਪਲਾਜਾ (Toll Plaza) ‘ਤੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਇਸ ਟੋਲ ਪਲਾਜੇ ਨੂੰ ਟੋਲ ਮੁਕਤ ਕਰ ਦਿੱਤਾ। ਕਿਸਾਨਾਂ ਦੀ ਮੰਨੀਏ ਤਾਂ ਇਹ ਟੋਲ ਪਲਾਜਾ ਲੋਕਾਂ ਦੇ ਸਿਰ ‘ਤੇ ਭਾਰ ਹੈ ਅਤੇ ਇਹ ਟੋਲ ਪਲਾਜਾ ਸ਼ਰਤਾਂ ਨੂੰ ਛਿੱਕੇ ਟੰਗ ਕੇ ਲਾਇਆ ਗਿਆ ਹੈ।
ਕਿਸਾਨਾਂ ਅਨੁਸਾਰ ਇਸ ਟੋਲ ਪਲਾਜੇ ਤੋਂ ਪਹਿਲਾ ਨਹਿਰ ਦੇ ਪੁੱਲ ਨੂੰ ਚੌੜਾ ਕਰਨ ਦੀ ਸ਼ਰਤ ਪੂਰੀ ਨਹੀਂ ਕੀਤੀ ਗਈ, ਸੜਕ ਦੇ ਨਾਲ ਬਣਾਏ ਗਏ ਖਾਲ ਨੂੰ ਢੱਕਿਆ ਨਹੀਂ ਗਿਆ ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਉਹਨਾ ਕਿਹਾ ਕਿ ਇਸ ਤੋਂ ਪਹਿਲਾ ਕਿਸਾਨ ਯੂਨੀਅਨ ਵੱਲੋ ਵੀ ਇੱਥੇ ਧਰਨਾ ਲਾਇਆ ਗਿਆ ਸੀ ਪਰ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਇਹ ਕੰਪਨੀ ਜਲਦ ਸ਼ਰਤਾਂ ਪੂਰੀਆਂ ਕਰ ਲਵੇਗੀ ਜੋ ਅਜੇ ਤੱਕ ਪੂਰੀਆਂ ਨਹੀਂ ਹੋਈਆ | ਜਿਸ ਕਾਰਨ ਇਹ ਦੁਬਾਰਾ ਧਰਨਾ ਲਾ ਦਿੱਤਾ ਗਿਆ ਹੈ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕ ਦੀ ਵੀ ਕਿਸਾਨਾਂ ਨੇ ਇੱਕ ਨਹੀਂ ਸੁਣੀ ਅਤੇ ਧਰਨਾ ਲਗਾਤਾਰ ਜਾਰੀ ਰੱਖਿਆ |