ਚੰਡੀਗੜ੍ਹ, 13 ਜੁਲਾਈ 2024: ਜਲੰਧਰ ਪੱਛਮੀ ਵਿਧਾਨ ਜ਼ਿਮਨੀ ਚੋਣ ‘ਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨ ਪਿਆ ਹੈ | ਜਲੰਧਰ ਪੱਛਮੀ ਵਿਧਾਨ ਜ਼ਿਮਨੀ ਚੋਣ ‘ਚ ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ ਨੂੰ ਸਿਰਫ 1242 ਵੋਟਾਂ ਮਿਲੀਆਂ |
ਇਸ ਹਾਰ ‘ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੋ ਚੋਣ ਨਤੀਜੇ ਆਏ ਹਨ, ਉਹਨਾਂ ਨੇ ਸਾਨੂੰ ਅਕਾਲੀ ਕਹਾਉਣ ਜੋਗੇ ਨਹੀਂ ਛੱਡਿਆ | ਪ੍ਰੇਮ ਸਿੰਘ ਚੰਦੂਮਾਜਰਾ ਨੇ ਖਨੋਰੀ ਗੁਰਦੁਆਰਾ ਸਾਹਿਬ ‘ਚ ਭੋਗ ਸਮਾਗਮ ‘ਚ ਹਾਜ਼ਰੀ ਲਗਵਾਉਣ ਤੋਂ ਬਾਅਦ ਗੁਰਦੁਆਰਾ ਸਾਹਿਬ ਖਨੌਰੀ ਦੇ ਮੁਖੀ ਬਾਬਾ ਪਵਿੱਤਰ ਸਿੰਘ ਨਾਲ ਬੀਤੇ ਸਮੇਂ ਉਹਨਾਂ ਦੇ ਭਰਾ ਅਤੇ ਭਤੀਜੇ ਦੇ ਦੁੱਖ ਦਾ ਪ੍ਰਗਟਾਵਾ ਕੀਤਾ |
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੀ ਸਪੋਰਟ ਕੀਤੀ ਸੀ ਜੋ ਅੱਜ ਰਿਜ਼ਲਟ ਆਏ ਹਨ, ਉਹਨਾਂ ਨੇ ਸਾਨੂੰ ਅਕਾਲੀ ਕਹਾਉਣ ਜੋਗੇ ਨਹੀਂ ਰਹਿਣ ਦਿੱਤਾ | ਸਾਡੇ ਸਾਰੇ ਵਰਕਰ ਵੀ ਇਸ ਗੱਲ ਤੋਂ ਨਾਰਾਜ਼ ਹਨ ਕਿ ਹੁਣ ਉਹ ਲੋਕਾਂ ‘ਚ ਕਿਹੜਾ ਮੂੰਹ ਲੈ ਕੇ ਜਾਣਗੇ | ਉਨ੍ਹਾਂ ਕਿਹਾ ਕਿ ਲੋਕਾਂ ਦੇ 6 ਵਾਰ ਦਿੱਤੇ ਫਤਵੇ ਨੂੰ ਪ੍ਰਵਾਨ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਹੁਣ ਵੀ ਅਕਾਲੀ ਦਲ (Shiromani Akali Dal) ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ | ਚੰਦੂਮਾਜਰਾ ਨੇ ਕਿਹਾ ਕਿ ਸਾਰੇ ਟਕਸਾਲੀਆਂ ਆਗੂਆਂ ਨੇ ਜੇਲ੍ਹਾਂ ਕੱਟੀਆਂ ਹਨ, ਪਰ ਜਿਹੜੇ ਕਦੇ ਥਾਣੇ ਤੱਕ ਵੀ ਨਹੀਂ ਗਏ ਉਹ ਟਕਸਾਲੀ ਆਗੂ ਬਣ ਰਹੇ ਹਨ।