ਚੰਡੀਗੜ੍ਹ, 26 ਫਰਵਰੀ 2024: ਫਿਲੀਸਤੀਨ (Palestine) ਦੇ ਪ੍ਰਧਾਨ ਮੰਤਰੀ ਮੁਹੰਮਦ ਸਾਤਾਯੇਹ ਸਮੇਤ ਪੂਰੀ ਮੰਤਰੀ ਮੰਡਲ ਨੇ ਅਸਤੀਫਾ ਦੇ ਦਿੱਤਾ ਹੈ। ਕਤਰ ਦੇ ਮੀਡੀਆ ਹਾਊਸ ‘ਅਲ ਜਜ਼ੀਰਾ’ ਮੁਤਾਬਕ ਪ੍ਰਧਾਨ ਮੰਤਰੀ ਮੁਹੰਮਦ ਸਾਤਾਯੇਹ ਨੇ ਕਿਹਾ ਕਿ ਗਾਜ਼ਾ ਪੱਟੀ ‘ਚ ਫਿਲਸਤੀਨੀ ਭੁੱਖਮਰੀ ਨਾਲ ਜੂਝ ਰਹੇ ਹਨ। ਉੱਥੇ ਲਗਾਤਾਰ ਇਜ਼ਰਾਇਲੀ ਹਮਲੇ ਹੋ ਰਹੇ ਹਨ। ਵੈਸਟ ਬੈਂਕ ਅਤੇ ਯੇਰੂਸ਼ਲਮ ਵਿੱਚ ਵੀ ਹਿੰਸਾ ਵਧ ਰਹੀ ਹੈ। ਇਸ ਦੇ ਮੱਦੇਨਜ਼ਰ ਮੈਂ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।
ਰਿਪੋਰਟ ਮੁਤਾਬਕ ਅਮਰੀਕਾ ਇਜ਼ਰਾਈਲ ਅਤੇ ਫਿਲੀਸਤੀਨੀ (Palestine) ਅਥਾਰਟੀ ਨਾਲ ਗੱਲ ਕਰ ਰਿਹਾ ਹੈ ਕਿ ਇਸ ਰਾਜ ‘ਤੇ ਕੌਣ ਸ਼ਾਸਨ ਕਰੇਗਾ। ਅਮਰੀਕਾ ਦਾ ਕਹਿਣਾ ਹੈ ਕਿ ਇੱਥੇ ਸ਼ਾਸਨ ਲਈ ਨਵਾਂ ਸਿਆਸੀ ਢਾਂਚਾ ਬਣਾਇਆ ਜਾਣਾ ਚਾਹੀਦਾ ਹੈ। ਫਿਲੀਸਤੀਨੀ ਪ੍ਰਧਾਨ ਮੰਤਰੀ ਦੇ ਅਸਤੀਫੇ ਤੋਂ ਬਾਅਦ ਹੁਣ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਇਹ ਫੈਸਲਾ ਕਰਨਾ ਹੋਵੇਗਾ ਕਿ ਉਹ ਅਸਤੀਫਾ ਸਵੀਕਾਰ ਕਰਦੇ ਹਨ ਜਾਂ ਨਹੀਂ। ਦਰਅਸਲ, ਫਿਲੀਸਤੀਨ ਅਥਾਰਟੀ ਦਾ ਪ੍ਰਧਾਨ ਰਾਜ ਦਾ ਮੁਖੀ ਹੁੰਦਾ ਹੈ। ਮੌਜੂਦਾ ਰਾਸ਼ਟਰਪਤੀ ਮਹਿਮੂਦ ਅੱਬਾਸ ਹਨ।