ਚੰਡੀਗੜ੍ਹ, 23 ਦਸੰਬਰ 2023: ਇਮਰਾਨ ਖਾਨ (Imran Khan) ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦਾ ਚੋਣ ਨਿਸ਼ਾਨ ‘ਬੱਲਾ’ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਦੀ 5 ਮੈਂਬਰੀ ਬੈਂਚ ਨੇ ਸ਼ੁੱਕਰਵਾਰ ਨੂੰ ਚੋਣ ਨਿਸ਼ਾਨ ਖੋਹਣ ਦਾ ਫੈਸਲਾ ਸੁਣਾਇਆ। ਇਸ ਦੇ ਨਾਲ ਹੀ ਪੀਟੀਆਈ ਵਿੱਚ ਹੋਈਆਂ ਚੋਣਾਂ ਨੂੰ ਵੀ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ। ਸ਼ੁੱਕਰਵਾਰ ਨੂੰ 11 ਪੰਨਿਆਂ ਦੇ ਫੈਸਲੇ ‘ਚ ਕਿਹਾ ਗਿਆ ਹੈ ਕਿ ਪੀਟੀਆਈ ‘ਚ ਚੋਣਾਂ ਨਿਯਮਾਂ ਮੁਤਾਬਕ ਨਹੀਂ ਕਰਵਾਈਆਂ ਜਾ ਰਹੀਆਂ ਹਨ।
ਇੱਕ ਨਿਊਜ਼ ਚੈਨਲ ਦੇ ਮੁਤਾਬਕ ਗੌਹਰ ਅਲੀ ਖ਼ਾਨ ਨੂੰ ਪੀਟੀਆਈ ਵਿੱਚ ਇਮਰਾਨ ਖ਼ਾਨ ਦੀ ਥਾਂ ਪਾਰਟੀ ਚੇਅਰਮੈਨ ਬਣਾਇਆ ਗਿਆ ਸੀ ਪਰ ਹੁਣ ਚੋਣ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤੇ ਜਾਣ ਕਾਰਨ ਉਹ ਇਹ ਅਹੁਦਾ ਗੁਆ ਚੁੱਕੇ ਹਨ। ਫੈਸਲਾ ਸੁਣਾਉਣ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਭਰੋਸਾ ਦਿੱਤਾ ਸੀ ਕਿ ਦੇਸ਼ ‘ਚ ਹੋਣ ਵਾਲੀਆਂ ਚੋਣਾਂ ‘ਚ ਉਸ ਨੂੰ ਦੂਜੀਆਂ ਪਾਰਟੀਆਂ ਵਾਂਗ ਬਰਾਬਰ ਮੌਕੇ ਦਿੱਤੇ ਜਾਣਗੇ।
ਚੋਣ ਕਮਿਸ਼ਨ ਦੇ ਫੈਸਲੇ ਤੋਂ ਕੁਝ ਦੇਰ ਬਾਅਦ, ਪੀਟੀਆਈ ਨੇ ਸੋਸ਼ਲ ਮੀਡੀਆ ‘ਤੇ ਕਿਹਾ ਸੀ ਕਿ ਉਹ ਯਕੀਨੀ ਤੌਰ ‘ਤੇ ਪਾਕਿਸਤਾਨ ਦੀਆਂ ਆਮ ਚੋਣਾਂ ਜਿੱਤੇਗੀ। ਉਹ ਇਸ ਫੈਸਲੇ ਖ਼ਿਲਾਫ਼ ਹਰ ਪੱਧਰ ‘ਤੇ ਅਪੀਲ ਕਰੇਗੀ। ਪੀਟੀਆਈ ਨੇ ਦਾਅਵਾ ਕੀਤਾ ਕਿ ਉਸ ਦੀ ਪਾਰਟੀ ਦੇ ਸਾਰੇ ਉਮੀਦਵਾਰ ਬੱਲੇ ਦੇ ਨਿਸ਼ਾਨ ਨਾਲ ਚੋਣ ਲੜਨਗੇ।
ਪਾਕਿਸਤਾਨ ਵਿੱਚ 8 ਫਰਵਰੀ ਨੂੰ ਆਮ ਚੋਣਾਂ ਹੋਣੀਆਂ ਹਨ। ਜੇਕਰ ਉਦੋਂ ਤੱਕ ਇਮਰਾਨ (Imran Khan) ਦੀ ਪਾਰਟੀ ਨੂੰ ਕੋਈ ਚੋਣ ਨਿਸ਼ਾਨ ਨਹੀਂ ਮਿਲਦਾ ਤਾਂ ਪਾਰਟੀ ਆਗੂਆਂ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨੀ ਪਵੇਗੀ।