Haryana

ਚੋਣ ਕਮਿਸ਼ਨ ਵੱਲੋਂ ਹਰਿਆਣਾ ‘ਚ ਸਿਆਸੀ ਪਾਰਟੀਆਂ ਦੇ ਪੋਲਿੰਗ ਬੂਥਾਂ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ, 03 ਅਕਤੂਬਰ 2024: ਹਰਿਆਣਾ (Haryana) ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਦੇ ਸਮਰਥਕਾਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੁਆਰਾ ਵੋਟ ਪਾਉਣ ਲਈ ਆਉਣ ਵਾਲੇ ਵੋਟਰਾਂ ਦੀ ਮੱਦਦ ਕਰਨ ਦੇ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਪੰਕਜ ਅਗਰਵਾਲ ਨੇ ਕਿਹਾ ਕਿ ਅਜਿਹੇ ਸਮਰਥਕ ਪੋਲਿੰਗ ਕੇਂਦਰ ਦੀ ਚਾਰਦੀਵਾਰੀ ਤੋਂ 200 ਮੀਟਰ ਦੇ ਘੇਰੇ ਤੋਂ ਬਾਹਰ ਹੀ ਆਪਣਾ ਚੋਣ ਬੂਥ ਸਥਾਪਿਤ ਕਰ ਸਕਦੇ ਹਨ। ਜਿਸ ‘ਚ ਸਿਰਫ਼ ਇੱਕ ਮੇਜ਼ ਅਤੇ ਦੋ ਕੁਰਸੀਆਂ ਹੀ ਰੱਖੀਆਂ ਜਾ ਸਕਦੀਆਂ ਹਨ ਅਤੇ ਛਾਂ ਲਈ 10 ਫੁੱਟ ਲੰਬਾ ਅਤੇ ਬਰਾਬਰ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਹਰਿਆਣਾ (Haryana) ‘ਚ ਕੋਈ ਵੀ ਪੋਸਟਰ, ਝੰਡੇ, ਪ੍ਰਤੀਕ ਜਾਂ ਕੋਈ ਹੋਰ ਪ੍ਰਚਾਰ ਸਮੱਗਰੀ ਪ੍ਰਦਰਸ਼ਿਤ ਨਹੀਂ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਕੋਈ ਵੀ ਖਾਣ-ਪੀਣ ਦਾ ਸਮਾਨ ਪਰੋਸਿਆ ਜਾਵੇਗਾ ਅਤੇ ਨਾ ਹੀ ਭੀੜ ਇਕੱਠੀ ਹੋਣ ਦਿੱਤੀ ਜਾਵੇਗੀ। ਅਜਿਹੇ ਬੂਥ ਸਥਾਪਿਤ ਕਰਨ ਤੋਂ ਪਹਿਲਾਂ ਸਥਾਨਕ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪਵੇਗੀ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ ਤੋਂ 200 ਮੀਟਰ ਤੋਂ ਵੱਧ ਦੀ ਦੂਰੀ ‘ਤੇ ਉਮੀਦਵਾਰ ਦਾ ਸਿਰਫ਼ ਇੱਕ ਚੋਣ ਬੂਥ ਹੀ ਬਣਾਇਆ ਜਾ ਸਕਦਾ ਹੈ। ਅਜਿਹੇ ਬੂਥ ਸਥਾਪਿਤ ਕਰਨ ਦੇ ਚਾਹਵਾਨ ਹਰੇਕ ਉਮੀਦਵਾਰ ਨੂੰ ਉਨ੍ਹਾਂ ਪੋਲਿੰਗ ਸਟੇਸ਼ਨਾਂ ਦੇ ਨਾਮ ਅਤੇ ਸੀਰੀਅਲ ਨੰਬਰ ਲਿਖ ਕੇ ਪਹਿਲਾਂ ਹੀ ਰਿਟਰਨਿੰਗ ਅਫ਼ਸਰ ਨੂੰ ਸੂਚਿਤ ਕਰਨਾ ਚਾਹੀਦਾ ਹੈ ਜਿੱਥੇ ਉਹ ਅਜਿਹੇ ਬੂਥ ਸਥਾਪਿਤ ਕਰਨ ਦੀ ਤਜਵੀਜ਼ ਰੱਖਦਾ ਹੈ।

ਉਨ੍ਹਾਂ ਨੂੰ ਅਜਿਹੇ ਬੂਥ ਸਥਾਪਤ ਕਰਨ ਤੋਂ ਪਹਿਲਾਂ ਸਬੰਧਤ ਸਥਾਨਕ ਕਾਨੂੰਨਾਂ ਤਹਿਤ ਸਬੰਧਤ ਸਰਕਾਰੀ ਅਥਾਰਟੀਆਂ ਜਾਂ ਸਥਾਨਕ ਅਥਾਰਟੀਆਂ ਜਿਵੇਂ ਕਿ ਕਾਰਪੋਰੇਸ਼ਨਾਂ, ਨਗਰ ਪਾਲਿਕਾਵਾਂ, ਜ਼ਿਲ੍ਹਾ ਪਰਿਸ਼ਦਾਂ, ਟਾਊਨ ਏਰੀਆ ਕਮੇਟੀਆਂ, ਪੰਚਾਇਤ ਕਮੇਟੀਆਂ ਆਦਿ ਤੋਂ ਲਿਖਤੀ ਪ੍ਰਵਾਨਗੀ ਵੀ ਲੈਣੀ ਪਵੇਗੀ।

 

Scroll to Top