ਚੰਡੀਗੜ੍ਹ 18 ਜਨਵਰੀ 2023: ਇਸ ਸਾਲ ਕਈ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ‘ਚੋਂ ਪਹਿਲਾਂ ਚੋਣ ਕਮਿਸ਼ਨ (Election Commission) ਨੇ ਅੱਜ ਦੇਸ਼ ਦੇ ਤਿੰਨ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਤਿੰਨ ਸੂਬਿਆਂ ਮੇਘਾਲਿਆ, ਤ੍ਰਿਪੁਰਾ ਅਤੇ ਨਾਗਾਲੈਂਡ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਤ੍ਰਿਪੁਰਾ ਵਿੱਚ 16 ਫਰਵਰੀ ਨੂੰ, ਮੇਘਾਲਿਆ ਅਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਚੋਣਾਂ ਨਾਲ ਜੁੜੀ ਪੂਰੀ ਜਾਣਕਾਰੀ ਦਿੱਤੀ।
ਤ੍ਰਿਪੁਰਾ ਦੀ ਗੱਲ ਕਰੀਏ ਤਾਂ ਇੱਥੇ ਭਾਜਪਾ ਦੀ ਸਥਿਤੀ ਮਜ਼ਬੂਤ ਹੈ ਅਤੇ ਦੋਵੇਂ ਲੋਕ ਸਭਾ ਸੀਟਾਂ ਭਾਜਪਾ ਕੋਲ ਹਨ। ਇਸ ਦੇ ਨਾਲ ਹੀ ਵਿਧਾਨ ਸਭਾ ਦੀਆਂ 60 ਸੀਟਾਂ ਵਿੱਚੋਂ 36 ਸੀਟਾਂ ਭਾਜਪਾ ਕੋਲ ਹਨ। ਇਸ ਸਾਲ ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ‘ਚ ਛੱਤੀਸਗੜ੍ਹ, ਕਰਨਾਟਕ ਤੋਂ ਇਲਾਵਾ ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਅਤੇ ਤੇਲੰਗਾਨਾ ਸ਼ਾਮਲ ਹਨ।