Rajasthan

ਚੋਣ ਕਮਿਸ਼ਨ ਵਲੋਂ ਸਿਆਸੀ ਪਾਰਟੀਆਂ-ਸਟਾਰ ਪ੍ਰਚਾਰਕਾਂ ਨੂੰ ਸ਼ਬਦਾਂ ਦੀ ਵਰਤੋਂ ‘ਚ ਸੰਜਮ ਵਰਤਣ ਦੀ ਸਲਾਹ

ਚੰਡੀਗੜ੍ਹ, 2 ਮਈ 2023: ਕਰਨਾਟਕ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਜ਼ੋਰਾਂ ‘ਤੇ ਹੈ। ਸੂਬੇ ਵਿੱਚ ਬਹੁਤ ਸਾਰੀਆਂ ਰੈਲੀਆਂ ਹੋ ਰਹੀਆਂ ਹਨ। ਇਸ ਸਬੰਧੀ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਕਾਫੀ ਬਿਆਨਬਾਜ਼ੀ ਕਰ ਰਹੇ ਹਨ। ਇਸ ਦੌਰਾਨ ਕਈ ਭੜਕਾਊ ਅਤੇ ਵਿਵਾਦਤ ਬਿਆਨ ਵੀ ਸਾਹਮਣੇ ਆਏ ਹਨ। ਜਿਸ ‘ਤੇ ਚੋਣ ਕਮਿਸ਼ਨ (Election Commission) ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਮਿਸ਼ਨ ਨੇ ਕਰਨਾਟਕ ਵਿੱਚ ਪ੍ਰਚਾਰ ਦੇ ਘਟਦੇ ਪੱਧਰ ਦਾ ਗੰਭੀਰ ਨੋਟਿਸ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀਆਂ ਨੂੰ ਸੰਜਮ ਵਰਤਣ ਲਈ ਕਿਹਾ ਹੈ।

ਇਸ ਵਿੱਚ ਕਮਿਸ਼ਨ ਨੇ ਸਾਰੇ ਸਟਾਰ ਪ੍ਰਚਾਰਕਾਂ, ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਰਾਜਨੀਤਿਕ ਪਾਰਟੀਆਂ ਨੂੰ ਸਾਵਧਾਨੀ ਅਤੇ ਸੰਜਮ ਵਰਤਣ ਲਈ ਕਿਹਾ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਹ ਉੱਚ ਪੱਧਰੀ ਸੰਵਾਦ ਰਚਾਉਣ। ਚੋਣ ਕਮਿਸ਼ਨਰ ਨੇ ਰਾਜ ਦੇ ਮੁੱਖ ਚੋਣ ਅਧਿਕਾਰੀ ਨੂੰ ਸਲਾਹ ਦੀ ਪਾਲਣਾ ਕਰਨ ਅਤੇ ਮੌਜੂਦਾ ਰੈਗੂਲੇਟਰੀ ਅਤੇ ਕਾਨੂੰਨੀ ਢਾਂਚੇ ਦੇ ਅਨੁਸਾਰ ਢੁਕਵੀਂ ਅਤੇ ਸਮੇਂ ਸਿਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਚੋਣ ਕਮਿਸ਼ਨ (Election Commission) ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਇਸ ਸਬੰਧ ਵਿੱਚ ਕਈ ਪਾਰਟੀਆਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਜਿਸ ਵਿੱਚ ਅਜਿਹੀਆਂ ਉਦਾਹਰਣਾਂ ਸਾਹਮਣੇ ਆਈਆਂ ਹਨ। ਇਸਦੇ ਨਾਲ ਹੀ ਇਸ ਬਿਆਨਬਾਜ਼ੀ ਨੇ ਮੀਡੀਆ ਦਾ ਨਕਾਰਾਤਮਕ ਧਿਆਨ ਖਿੱਚਿਆ ਹੈ। ਅਜਿਹੀ ਸਥਿਤੀ ਵਿੱਚ ਸਟਾਰ ਪ੍ਰਚਾਰਕ ਦਾ ਦਰਜਾ ਰੱਖਣ ਵਾਲੇ ਵਿਅਕਤੀਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਗਲਤ ਸ਼ਬਦਾਵਲੀ ਅਤੇ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੂੰ ਸੂਬੇ ਵਿੱਚ ਚੋਣ ਮਾਹੌਲ ਖਰਾਬ ਕਰਨ ਤੋਂ ਬਚਣਾ ਚਾਹੀਦਾ ਹੈ।

ਕਰਨਾਟਕ ‘ਚ 13 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਉਮੀਦਵਾਰਾਂ ਨੇ 20 ਅਪਰੈਲ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 21 ਅਪ੍ਰੈਲ ਨੂੰ ਕੀਤੀ ਗਈ ਸੀ। ਇਸ ਦੇ ਨਾਲ ਹੀ 24 ਅਪ੍ਰੈਲ ਤੱਕ ਨਾਮ ਵਾਪਸ ਲੈ ਲਏ ਗਏ ਸਨ। ਚੋਣ ਕਮਿਸ਼ਨ ਮੁਤਾਬਕ ਸੂਬੇ ‘ਚ 224 ਮੈਂਬਰੀ ਵਿਧਾਨ ਸਭਾ ਲਈ 10 ਮਈ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਸੂਬੇ ਦੇ ਚੋਣ ਨਤੀਜੇ 13 ਮਈ ਨੂੰ ਆਉਣਗੇ।

Scroll to Top