ਜਲਾਲਾਬਾਦ, ਫਾਜ਼ਿਲਕਾ, 04 ਅਪ੍ਰੈਲ 2023: ਪਿਛਲੇ ਦਿਨੀਂ ਇਕ ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ਫਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਜ਼ਿਲ੍ਹੇ ਦੇ ਦੌਰੇ ਤੇ ਪੁੱਜੇ। ਇਸ ਦੌਰਾਨ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ ਦੁਖਦਾਈ ਹਾਦਸੇ ਵਿਚ ਜਾਨ ਗੁਆਉਣ ਵਾਲੇ ਮ੍ਰਿਤਕ ਅਧਿਆਪਕਾਂ ਦੇ ਘਰ ਜਾ ਕੇ ਪਰਿਵਾਰ ਨਾਲ ਆਪਣੀ ਸੰਵੇਦਨਾ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਅਧਿਆਪਕਾਂ ਦੇ ਬੇਵਕਤੇ ਚਲੇ ਜਾਣ ਨਾਲ ਨਾ ਕੇਵਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਗੋਂ ਸਿੱਖਿਆ ਵਿਭਾਗ ਨੇ ਵੀ ਆਪਣੇ ਹੋਣਹਾਰ ਅਧਿਆਪਕ ਗੁਆਏ ਹਨ।
ਉਨ੍ਹਾਂ ਨੇ ਮ੍ਰਿਤਕ ਅਧਿਆਪਕਾਂ ਦੀ ਆਤਮਿਕ ਸਾਂਤੀ ਦੀ ਅਰਦਾਸ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਇੰਨ੍ਹਾਂ ਪਰਿਵਾਰਾਂ ਦੇ ਨਾਲ ਹੈ।ਉਨ੍ਹਾਂ ਨੇ ਕਿਹਾ ਕਿ ਬੇਸ਼ਕ ਇੰਨ੍ਹਾਂ ਅਧਿਆਪਕਾਂ ਦੇ ਜਾਣ ਨਾਲ ਪਿਆ ਘਾਟਾ ਕਿਸੇ ਵੀ ਤਰਾਂ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਹੈ ਪਰ ਸਰਕਾਰੀ ਪਾਲਿਸੀ ਅਨੁਸਾਰ ਜ਼ੋ ਵੀ ਸੰਭਵ ਹੋਇਆ ਪਰਿਵਾਰਾਂ ਦੀ ਮਦਦ ਕਰੇਗੀ।
ਜਿਕਰਯੋਗ ਹੈ ਕਿ ਪਿੱਛਲੇ ਦਿਨੀ ਫਾਜਿ਼ਲਕਾ ਦੇ ਅਧਿਆਪਕਾਂ ਦੇ ਵਾਹਨ ਦੁਰਘਟਨਾਗ੍ਰਸਤ ਹੋ ਗਿਆ ਸੀ। ਇਸ ਵਾਹਨ ਰਾਹੀਂ ਇਹ ਅਧਿਆਪਕ ਆਪਣੇ ਡਿਊਟੀ ਸਥਾਨ ਤੇ ਜਾ ਰਹੇ ਸਨ। ਇਸ ਹਾਦਸੇ ਵਿੱਚ ਜ਼ਿਲ੍ਹੇ ਦੇ ਤਿੰਨ ਅਧਿਆਪਕਾਂ ਦੀ ਮੌਤ ਹੋ ਗਈ ਸੀ। ਜਿੰਨ੍ਹਾਂ ਅਧਿਆਪਕਾਂ ਦੀ ਇਸ ਹਾਦਸੇ ਵਿਚ ਮੌਤ ਹੋਈ ਸੀ ਉਨ੍ਹਾਂ ਵਿਚ ਪ੍ਰਿੰਸ ਕੰਬੋਜ਼ ਵਾਸੀ ਪੀਰ ਮੁਹੰਮਦ, ਕੰਚਨ ਚੁੱਘ ਵਾਸੀ ਅਗਰਵਾਲ ਕਲੋਨੀ ਜਲਾਲਾਬਾਦ ਅਤੇ ਮਨਿੰਦਰ ਕੌਰ ਨਿਵਾਸੀ ਪਿੰਡ ਕਮਰੇ ਵਾਲਾ ਜਲਾਲਾਬਾਦ ਦੇ ਨਾਂਅ ਸ਼ਾਮਿਲ ਸਨ।
ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੀ ਹਾਜਰ ਸਨ ਅਤੇ ਉਨ੍ਹਾਂ ਨੇ ਵੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜਹਾਰ ਕੀਤਾ। ਇਸ ਮੌਕੇ ਜਲਾਲਾਬਾਦ ਦੇ ਐਸਡੀਐਮ ਰਵਿੰਦਰ ਸਿੰਘ ਅਰੋੜਾ, ਟਰੱਕ ਯੁਨੀਅਨ ਪ੍ਰਧਾਨ ਅੰਕੁਸ਼ ਮੁਟਨੇਜਾ, ਟੋਨੀ ਛਾਬੜਾ, ਜਰਨੈਲ ਸਿੰਘ ਮੁਖੀਜਾ, ਕਪਤਾਨ ਛਾਬੜਾ, ਦੇਵਰਾਜ ਸ਼ਰਮਾ, ਪਿੰਟਾ ਚੁੱਘ ਵੀ ਹਾਜਰ ਸਨ।