Chetan Singh Jauramajra

ਦਿਵਿਆਂਗਜਨ ਵੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ: ਚੇਤਨ ਸਿੰਘ ਜੌੜਾਮਾਜਰਾ

ਚੰਡੀਗੜ੍ਹ, 09 ਮਾਰਚ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਲਈ ਭਲਾਈ ਕੇਂਦਰਿਤ ਉਪਰਾਲੇ ਪੂਰੀ ਤਨਦੇਹੀ ਨਾਲ ਕਰਨ ਦੀ ਵਚਨਬੱਧਤਾ ਤਹਿਤ ਕੈਬਨਿਟ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਅੱਜ ਸਮਾਣਾ ਵਿਖੇ ਆਪਣੀ ਕਿਰਤ ਕਮਾਈ ‘ਚੋਂ ਦਿਵਿਆਂਗ ਲੋੜਵੰਦਾਂ ਨੂੰ 25 ਟਰਾਈ ਸਾਈਕਲ ਵੰਡੇ।

ਗਰੀਬ, ਲੋੜਵੰਦ, ਬੇਸਹਾਰਾ ਅਤੇ ਹੋਰਨਾਂ ਦਿਵਿਆਂਗਜਨਾਂ ਨੂੰ ਸਾਡੇ ਸਮਾਜ ਦਾ ਅਹਿਮ ਹਿੱਸਾ ਦੱਸਦਿਆਂ ਮੰਤਰੀ ਨੇ ਲੋਕਾਂ ਨੂੰ ਅਜਿਹੇ ਲੋੜਵੰਦ ਲੋਕਾਂ ਦੀ ਹਰ ਸੰਭਵ ਢੰਗ ਨਾਲ ਮਦਦ ਕਰਕੇ ਰੰਗਾਂ ਦੇ ਤਿਉਹਾਰ ‘ਹੋਲੀ’ ਨੂੰ ਸਹੀ ਅਰਥਾਂ ਵਿੱਚ ਮਨਾਉਣ ਦਾ ਸੱਦਾ ਦਿੱਤਾ।

ਮੰਤਰੀ ਨੇ ਗੈਰ-ਸਰਕਾਰੀ ਸੰਗਠਨਾਂ ਨੂੰ ਵੀ ਹਰ ਸੰਭਵ ਤਰੀਕੇ ਨਾਲ ਦਿਵਿਆਂਗਜਨਾਂ ਦੀ ਮਦਦ ਕਰਨ ਲਈ ਅੱਗੇ ਆਉਣ ਵਾਸਤੇ ਸੱਦਾ ਦਿੱਤਾ। ਇਸ ਨਾਲ ਇਨ੍ਹਾਂ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਦੇ ਰੰਗ ਭਰੇ ਜਾ ਸਕਣ ਅਤੇ ਉਹ ਸਮਾਜ ਦੇ ਹੋਰ ਵਰਗਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਤੁਰ ਸਕਣ। ਜੌੜਾਮਾਜਰਾ ਨੇ ਅੱਗੇ ਕਿਹਾ ਕਿ ਹੋਲੀ ਤਿਉਹਾਰ ਦਾ ਅਰਥ ਸਿਰਫ਼ ਇੱਕ ਦੂਜੇ ‘ਤੇ ਰੰਗ ਪਾਉਣਾ ਹੀ ਨਹੀਂ ਹੈ, ਸਗੋਂ ਸੰਭਵ ਸਾਧਨਾਂ ਨਾਲ ਲੋੜਵੰਦਾਂ ਦੀ ਮਦਦ ਕਰਨਾ ਵੀ ਹੈ ਤਾਂ ਜੋ ਉਨ੍ਹਾਂ ਦਾ ਜੀਵਨ ਖੁਸ਼ੀਆਂ ਨਾਲ ਭਰਿਆ ਜਾ ਸਕੇ।

Scroll to Top