July 3, 2024 2:22 am
border village

ਸਰਹੱਦੀ ਪਿੰਡ ਦੇ ਸਰਕਾਰੀ ਸਕੂਲ ‘ਚ ਅਧਿਆਪਕ ਬਣ ਕੇ ਪਹੁੰਚੀ ਡਿਪਟੀ ਕਮਿਸ਼ਨਰ, ਬੱਚਿਆਂ ਦੀ ਲਈ ਕਲਾਸ

ਫਾਜ਼ਿਲਕਾ 19 ਜਨਵਰੀ 2023: ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ਪਿੰਡ ਮੁਹੰਮਦ ਪੀਰਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਦੌਰਾਨ ਅੱਜ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਸੇਨੂੰ ਦੁੱਗਲ ਅਧਿਆਪਕ ਬਣ ਕੇ ਇਸ ਪਿੰਡ ਦੇ ਸਕੂਲ ਵਿਚ ਪਹੁੰਚੇ ਤੇ ਸਕੂਲ ਵਿੱਚ ਬੱਚਿਆਂ ਦੀ ਕਲਾਸ ਲਈ |

ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਨਾਂ “ਲਰਨ ਐਂਡ ਗਰੋ” ਰੱਖਿਆ ਗਿਆ ਹੈ | ਇਸ ਪ੍ਰੋਗਰਾਮ ਦੇ ਤਹਿਤ ਹੁਣ ਹਰ ਹਫਤੇ ਜ਼ਿਲ੍ਹੇ ਦੇ ਵੱਡੇ ਅਧਿਕਾਰੀ ਏਡੀਸੀ, ਜੱਜ, ਐਸ ਐਸ ਪੀ, ਸਰਕਾਰੀ ਸਕੂਲਾਂ ਵਿੱਚ ਜਾਣਗੇ ਤੇ ਬੱਚਿਆਂ ਦੀ ਕਲਾਸ ਲੈਣਗੇ |

ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦੇ ਤਹਿਤ ਸੀਨੀਅਰ ਅਧਿਕਾਰੀ ਹਫ਼ਤੇ ਵਿੱਚ ਇੱਕ ਦਿਨ ਸਰਕਾਰੀ ਸਕੂਲਾਂ ਵਿੱਚ ਜਾ ਕੇ ਅੱਧੇ ਘੰਟੇ ਦਾ ਲੈਕਚਰ ਦੇਣਗੇ | ਜਿਸ ਵਿੱਚ ਅਗਲੇ 10 ਮਿੰਟ ਬੱਚਿਆਂ ਨੂੰ ਦਿੱਤੇ ਜਾਣਗੇ ਤੇ ਬੱਚੇ ਉਸ ਅਧਿਕਾਰੀ ਤੋਂ ਸਵਾਲ ਕਰਨਗੇ | ਇੰਨਾ ਹੀ ਨਹੀਂ ਇਸ ਤੋਂ ਬਾਅਦ ਇਕ ਫੀਡਬੈਕ ਪਰਫੋਰਮਾ ਸਕੂਲ ਵੱਲੋਂ ਭਰਿਆ ਜਾਵੇਗਾ | ਜਿਸ ਵਿੱਚ ਉਹਨਾ ਨੂੰ ਆ ਰਹੀਆਂ ਦਿੱਕਤਾਂ ਉਸ ਵਿੱਚ ਲਿਖੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ | ਦੂਜੇ ਪਾਸੇ ਸਰਕਾਰੀ ਸਕੂਲ ਦੇ ਬੱਚੇ ਵੀ ਪ੍ਰਸ਼ਾਸਨ ਦੇ ਇਸ ਉਪਰਾਲੇ ਤੋਂ ਖੁਸ਼ ਨਜ਼ਰ ਆ ਰਹੇ ਹਨ |