ਚੰਡੀਗੜ੍ਹ, 30 ਜਨਵਰੀ 2023: ਪੰਜਾਬ ਵਿੱਚ ਸਮਾਜਿਕ-ਰਾਜਨੀਤਕ ਅਧਿਐਨ ਦੌਰੇ ‘ਤੇ ਆਏ ਨੈਸ਼ਨਲ ਡਿਫੈਂਸ ਕਾਲਜ (ਐਨ.ਡੀ.ਸੀ.), ਰੱਖਿਆ ਮੰਤਰਾਲੇ, ਭਾਰਤ ਸਰਕਾਰ ਦੇ ਵਫ਼ਦ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਅਤੇ ਯੂਟੀ, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ (Governor Banwarilal Purohit) ਨਾਲ ਮੁਲਾਕਾਤ ਕੀਤੀ। ਵਫ਼ਦ ਦਾ ਪੰਜਾਬ ਰਾਜ ਭਵਨ ਵਿਖੇ ਸਵਾਗਤ ਕੀਤਾ ਗਿਆ। ਰਾਜਪਾਲ ਨੇ ਰਣਨੀਤਕ ਸੁਰੱਖਿਆ ਦੇ ਖੇਤਰਾਂ ਵਿੱਚ ਫੌਜੀ ਅਤੇ ਸਿਵਲ ਸੇਵਾਵਾਂ ਨਿਭਾਉਣ ਵਾਲੇ ਸੀਨੀਅਰ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਦੀ ਐਨ.ਡੀ.ਸੀ. ਦੀ ਅਮੀਰ ਪਰੰਪਰਾ ਦੀ ਸ਼ਲਾਘਾ ਕੀਤੀ।
ਉਹਨਾਂ ਕਿਹਾ ਕਿ ਕਿਸੇ ਵੀ ਰਾਸ਼ਟਰ ਦੀ ਸਫ਼ਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਹ ਆਪਣੇ ਕੋਲ ਉਪਲਬਧ ਸਰੋਤਾਂ ਦੀ ਕਿੰਨੀ ਕੁ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰ ਸਕਦਾ ਹੈ, ਜਿਸ ਵਿਚ ਮੁੱਖ ਤੌਰ ‘ਤੇ ਮਨੁੱਖੀ ਸਰੋਤ ਸ਼ਾਮਲ ਹੈ। ਐਨ.ਡੀ.ਸੀ. ਵੱਲੋਂ ਹਥਿਆਰਬੰਦ ਬਲਾਂ ਅਤੇ ਸਿਵਲ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਮਹਾਰਤ ਦੇ ਕੇ ਮਨੁੱਖੀ ਸਰੋਤਾਂ ਦੇ ਵਿਕਾਸ ਦਾ ਕੰਮ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਂਦਾ ਹੈ।
ਰਾਸ਼ਟਰੀ ਸੁਰੱਖਿਆ ਸਬੰਧੀ ਮੁੱਦਿਆਂ ਨਾਲ ਬਿਹਤਰ ਢੰਗ ਨਾਲ ਨਜਿੱਠਣ ਲਈ ਉਹਨਾਂ ਦੇ ਹੁਨਰ ਨੂੰ ਨਿਖਾਰਿਆ ਜਾਂਦਾ ਹੈ। ਰਾਜਪਾਲ ਨੇ ਕਿਹਾ ਕਿ ਐਨ.ਡੀ.ਸੀ. ਕੋਰਸ ਦਾ ਉਦੇਸ਼ “ਰਾਸ਼ਟਰੀ ਰੱਖਿਆ ਦੇ ਰਣਨੀਤਕ, ਆਰਥਿਕ, ਵਿਗਿਆਨਕ, ਰਾਜਨੀਤਿਕ ਅਤੇ ਉਦਯੋਗਿਕ ਪਹਿਲੂਆਂ” ਬਾਰੇ ਮਹਾਰਤ ਦੇਣਾ ਹੈ।
ਵਫ਼ਦ ਨੂੰ ਪ੍ਰੇਰਿਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਅਸੀਂ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾ ਰਹੇ ਹਾਂ ਅਤੇ ਆਪਣੀ ਆਜ਼ਾਦੀ ਦੀ ਸ਼ਤਾਬਦੀ ਦੇ ‘ਅੰਮ੍ਰਿਤ ਕਾਲ’ ਵਿੱਚ ਦਾਖਲ ਹੋ ਚੁੱਕੇ ਹਾਂ, ਜੋ ਸਾਡੇ ਸਾਰਿਆਂ ਲਈ ਇੱਕ ਅਹਿਮ ਪੜਾਅ ਹੈ। ਹੁਣ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਇੱਕ ਅਜਿਹੇ ਰਾਸ਼ਟਰ ਦਾ ਨਿਰਮਾਣ ਕੀਤਾ ਜਾਵੇ ਜਿਸ ਨੂੰ ਵਿਸ਼ਵ ਦੇ ਵਿਕਸਤ ਦੇਸ਼ਾਂ ਵਿੱਚ ਸ਼ੁਮਾਰ ਕੀਤਾ ਜਾ ਸਕੇ।
ਇਸ ਲਈ ਸਾਨੂੰ ਇਸ ਦਿਸ਼ਾ ਵਿੱਚ ਸਾਰੇ ਸਕਾਰਾਤਮਕ ਕਦਮ ਚੁੱਕਣ ਲਈ ਤੁਹਾਡੇ ਵਰਗੇ ਅਧਿਕਾਰੀਆਂ ਦੀ ਲੋੜ ਹੈ। ਮੈਨੂੰ ਯਕੀਨ ਹੈ ਕਿ ਤੁਹਾਡੇ ਵੱਲੋ ਐਨ.ਡੀ.ਸੀ. ਵਿੱਚੋਂ ਪ੍ਰਾਪਤ ਕੀਤਾ ਗਿਆਨ ਅਤੇ ਸਮਝ, ਇਸ ਮੰਤਵ ਦੀ ਪੂਰਤੀ ਲਈ ਤੁਹਾਡੀ ਮਦਦ ਕਰੇਗੀ। ਵਫ਼ਦ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਪਣੀ ਮਹਾਰਤ ਦੇ ਖੇਤਰ ਵਿੱਚ ਤਜਰਬੇਕਾਰ ਪੇਸ਼ੇਵਰਾਂ ਦੇ ਰੂਪ ਵਿੱਚ ਨੈਸ਼ਨਲ ਡਿਫੈਂਸ ਕਾਲਜ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੋਗੇ।