ਚੰਡੀਗੜ੍ਹ, 20 ਜਨਵਰੀ 2024: ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਸ਼ਹੀਦ ਹੋਏ ਪੰਜਾਬ ਦੇ ਲੁਧਿਆਣਾ ਦੇ ਅਜੇ ਸਿੰਘ (Ajay Singh) ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਪਹੁੰਚ ਗਈ ਹੈ। ਉਨ੍ਹਾਂ ਦਾ ਛੇਤੀ ਹੀ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਪਿੰਡ ਵਾਸੀਆਂ ਤੇ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਸ਼ਹੀਦ ਅਜੇ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਹਨ। ਅਜੇ ਸਿੰਘ ਵੀਰਵਾਰ ਸਵੇਰੇ ਨੌਸ਼ਹਿਰਾ ਸੈਕਟਰ ‘ਚ ਬਾਰੂਦੀ ਸੁਰੰਗ ਦੇ ਧਮਾਕੇ ‘ਚ ਸ਼ਹੀਦ ਹੋ ਗਏ ਸਨ।
ਸ਼ਹੀਦ ਅਜੇ ਸਿੰਘ (Ajay Singh) ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 6 ਧੀਆਂ ਤੋਂ ਬਾਅਦ ਇੱਕ ਪੁੱਤਰ ਦੇਖਿਆ ਸੀ। ਉਹ ਆਪ ਮਿਹਨਤ ਕਰਦਾ ਸੀ। ਆਪਣੇ ਪੁੱਤਰ ਨੂੰ ਮਿਹਨਤ ਕਰਕੇ ਪਾਲਿਆ। ਉਸਦੀ ਘਰਵਾਲੀ ਵੀ ਕੰਮ ਕਰਦੀ ਸੀ। ਧੀਆਂ ਵੀ ਪ੍ਰਾਈਵੇਟ ਨੌਕਰੀਆਂ ਕਰਦੀਆਂ ਸਨ। ਕਦੇ ਉਨ੍ਹਾਂ ਦਾ ਪੁੱਤ ਖੁਦ ਪੇਂਟ ਕਰਨ ਚਲਾ ਜਾਂਦਾ ਅਤੇ ਕਦੇ ਮਿਸਤਰੀ ਕੋਲ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨ ਜਾਂਦਾ ਸੀ ।
12ਵੀਂ ਪਾਸ ਕਰਨ ਤੋਂ ਬਾਅਦ ਅਜੇ ਫਰਵਰੀ 2022 ‘ਚ ਭਾਰਤੀ ਫੌਜ ‘ਚ ਭਰਤੀ ਹੋਇਆ ਸੀ । ਉਨ੍ਹਾਂ ਉਮੀਦ ਸੀ ਕਿ ਪੁੱਤ ਪਰਿਵਾਰ ਦਾ ਸਹਾਰਾ ਬਣੇਗਾ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਪੁੱਤ ਸ਼ਹੀਦ ਹੋ ਜਾਵੇਗਾ। ਸ਼ਹੀਦੀ ‘ਤੇ ਮਾਣ ਹੈ, ਪਰ ਪੁੱਤ ਦਾ ਗਮ ਕਦੇ ਭੁਲਾਇਆ ਨਹੀਂ ਜਾ ਸਕਦਾ।