ਸਿੱਖ ਇਤਿਹਾਸ

7 ਮਾਰਚ ਦਾ ਦਿਨ ਸਿੱਖ ਇਤਿਹਾਸ ‘ਚ ਕਾਲੇ ਅੱਖਰਾਂ ਨਾਲ ਲਿਖਿਆ ਅਤੇ ਜਾਣਿਆ ਜਾਵੇਗਾ: ਸੁਰਜੀਤ ਸਿੰਘ ਰੱਖੜਾ

ਚੰਡੀਗੜ੍ਹ, 07 ਮਾਰਚ 2025: ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅੱਜ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ | ਇਸਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਸ.ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਜਥੇਦਾਰ ਸੰਤਾ ਸਿੰਘ ਉਮੈਦਪੁੱਰੀ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਬੀਬੀ ਪਰਮਜੀਤ ਕੌਰ ਗੁਲਸ਼ਨ, ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸ. ਚਰਨਜੀਤ ਸਿੰਘ ਬਰਾੜ ਨੇ ਇੱਕ ਬਿਆਨ ਜਾਰੀ ਕਰਕੇ ਅੱਜ ਦੇ ਦਿਨ ਨੂੰ ਇਤਿਹਾਸਿਕ ਤੌਰ ‘ਤੇ ਪੰਥ ਅਤੇ ਕੌਮ ਲਈ ਕਾਲਾ ਦਿਨ ਕਰਾਰ ਦਿੱਤਾ ਹੈ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨੂੰ ਸਮਰਪਿਤ ਕੋਈ ਵੀ ਵਰਕਰ ਅਤੇ ਆਗੂ ਕਦੇ ਵੀ ਜਾਣੇ-ਅਣਜਾਣੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਰਵਉੱਚਤਾ, ਸੰਕਲਪ ਅਤੇ ਪ੍ਰਭੂਸੱਤਾ ਦੇ ਖਿਲਾਫ਼ ਜਾਣ ਬਾਰੇ ਸੋਚ ਵੀ ਨਹੀਂ ਸਕਦਾ, ਪਰ ਕੁਝ ਆਗੂਆਂ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।

ਆਗੂਆਂ ਨੇ ਕਿਹਾ ਕਿ ਅੱਜ ਕੌਮ ਅਤੇ ਪੰਥ ਨੂੰ ਜਿਹੜੇ ਲੋਕਾਂ ਨੇ ਵੰਗਾਰਿਆ ਹੈ, ਇਸਦਾ ਸੰਗਤ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਹਮਲੇ ਠੀਕ ਉਸੇ ਤਰ੍ਹਾਂ ਦੇ ਹਨ, ਜਿਵੇਂ ਮੁਗਲ ਸ਼ਾਸਨ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸੰਕਲਪ ਨੂੰ ਢਾਹੁਣ ਲਈ ਕੀਤੇ ਜਾਂਦੇ ਰਹੇ ਸਨ।

ਉਨ੍ਹਾਂ ਕਿਹਾ ਕਿ ਇਹ ਵੱਡੀ ਸਾਜਿਸ਼ ਤਹਿਤ ਕੁਝ ਲੋਕ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਪੰਥ ਵਿਰੋਧੀ ਕੰਮ ਕਰ ਰਹੇ ਹਨ। ਅਜਿਹੀ ਸਾਜਿਸ਼ ਹੇਠ ਪਹਿਲਾਂ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਸਾਹਮਣੇ ਆਪਣੇ ਕਬੂਲ ਕੀਤੇ ਗੁਨਾਹਾਂ ਤੋਂ ਜਨਤਕ ਪ੍ਰੋਗਰਾਮ ‘ਚ ਮੁੱਕਰ ਗਏ ਸਨ । ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾ ਕੇ ਇੱਕ ਝੂਠੀ ਸ਼ਿਕਾਇਤ ਦੇ ਆਧਾਰ ਤੇ ਉਨ੍ਹਾਂ ਨੂੰ ਜ਼ਲੀਲ ਕਰਕੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ 7 ਮੈਂਬਰੀ ਭਰਤੀ ਕਮੇਟੀ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਰਚੀ ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਨਕਾਰੇ ਆਗੂ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਉਣ ਲਈ ਪਹਿਲਾਂ ਪਾਰਟੀ ਦਾਅ ‘ਤੇ ਲਗਾ ਦਿੱਤੀ ਅਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਪ੍ਰਭੂਸੱਤਾ ਨੂੰ ਦਾਅ ‘ਤੇ ਲਗਾ ਦਿੱਤਾ ਗਿਆ । ਕੁਝ ਆਗੂਆਂ ਵੱਲੋਂ ਜਿਨ੍ਹਾਂ ਦੇ ਗਲਤ ਫ਼ੈਸਲਿਆਂ ਕਰਕੇ ਹਮੇਸ਼ਾ ਪਾਰਟੀ ਦਾ ਸਿਆਸੀ ਨੁਕਸਾਨ ਹੋਇਆ, ਅੱਜ ਪੰਥਕ ਸਫਿਆਂ ‘ਚ ਨਾ ਸਿਰਫ ਨੁਕਸਾਨ ਹੋਇਆ ਸਗੋਂ ਹਮੇਸ਼ਾ ਲਈ ਪੰਥਕ ਗੱਦਾਰੀ ਦਾ ਦਾਗ ਲੱਗਾ ਅਤੇ ਪੰਥਕ ਭਗੌੜੇ ਹੋਣ ਦਾ ਕਾਲਾ ਧੱਬਾ ਵੀ ਮਿਲਿਆ ਹੈ ।

ਆਗੂਆਂ ਨੇ ਕਿਹਾ ਕਿ ਅੱਜ ਦੇ ਕਾਲੇ ਦਿਨ ਤੋ ਬਾਅਦ ਸ੍ਰੀ ਅਕਾਲ ਤਖ਼ਤ ‘ਚ ਵਿਸ਼ਵਾਸ ਰੱਖਣ ਵਾਲਾ ਹਰ ਸਿੱਖ, ਹਰ ਸਖ਼ਸ਼ ਦੀ ਨਜ਼ਰ ‘ਚ ਅਕਾਲੀ ਦਲ ਤੇ ਕਾਬਜ ਲੀਡਰਸ਼ਿਪ ਪੰਥਕ ਭਗੌੜੀ ਅਤੇ ਪੰਥਕ ਗੱਦਾਰ ਦੇ ਨਾਂ ‘ਤੇ ਜਾਣੀ ਜਾਵੇਗੀ। ਆਗੂਆਂ ਨੇ ਕਿਹਾ ਕਿ ਇਹ ਪੰਥਕ ਘਾਣ ਪਿੱਛੇ ਸਿਰਫ ਤੇ ਸਿਰਫ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਬਦਲਾਉਣ ਦੀ ਸਾਜਿਸ਼ ਹੈ, ਜਿਸ ਨੂੰ ਸੰਗਤ ਕਿਸੇ ਵੀ ਹਾਲਤ ਵੀ ਬਦਲਣ ਨਹੀਂ ਦੇਵੇਗੀ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਸੱਤਾ ਸਮੇਂ ਜਿਹੜੇ ਵੱਡੇ ਗੁਨਾਹਾਂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਜਾ ਲੱਗੀ ਸੀ, ਅੱਜ ਵਾਲਾ ਕੀਤਾ ਗੁਨਾਹ, ਜਿਸ ‘ਚ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘੁਬੀਰ ਸਿੰਘ ਅਤੇ ਜੱਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਨੂੰ ਹਟਾਇਆ ਗਿਆ, ਇਸ ਚੇਤ ‘ਚ ਕੀਤੇ ਗੁਨਾਹ ਦੀ ਕਿਤੇ ਵੀ ਮੁਆਫ਼ੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪੰਥ ਹੀ ਸਜ਼ਾ ਦੇਵੇਗਾ।

Read More: Breaking: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਕੀਤਾ ਗਿਆ ਲਾਂਭੇ

Scroll to Top